Pages

Wednesday, October 14, 2009

ਅਗਾਮੀ ਸ਼੍ਰੋਮਣੀ ਕਮੇਟੀ ਚੋਣਾਂ - ਅਕਾਲੀ ਦਲ (ਬਾਦਲ) ਵਿਰੋਧੀ ਧੜਿਆਂ ਦੀ ਸਥਿਤੀ ਕੀ ਹੈ?


ਆਮ ਤੌਰ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਖ-ਵੱਖ ਧੜਿਆਂ ਵਿਚੋਂ ਉਸੇ ਧੜੇ ਨੂੰ ਅਸਲੀ ਅਕਾਲੀ ਦਲ ਮੰਨਿਆ ਜਾਂਦਾ ਹੈ, ਜਿਸ ਦਾ ਸਿੱਖਾਂ ਦੀ ‘ਮਿੰਨੀ ਪਾਰਲੀਮੈਂਟ’ ਕਹੀ ਜਾਣ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਤੇ ਕੰਟਰੋਲ ਹੋਵੇ। ਪੰਜਾਬ ਦੀ ਸੱਤਾ ਦੀਆਂ ਪੌੜੀਆਂ ਵੀ ਸ਼੍ਰੋਮਣੀ ਕਮੇਟੀ ’ਤੇ ਕਾਬਜ਼ ਧੜਾ ਹੀ ਚੜ੍ਹਨ ਦੇ ਸਮਰੱਥ ਹੁੰਦਾ ਹੈ। ਇਸ ਕਾਰਨ ਜਦੋਂ ਤੋਂ ਅਕਾਲੀ ਦਲ ਧੜੇਬੰਦੀ ਦਾ ਸ਼ਿਕਾਰ ਹੋਇਆ ਹੈ, ਉਦੋਂ ਤੋਂ ਲੈ ਕੇ ਵੱਖ-ਵੱਖ ਅਕਾਲੀ ਧੜਿਆਂ ਵਿਚਕਾਰ ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊਸ ਵਿਚ ਬਹੁਮਤ ਪ੍ਰਾਪਤੀ ਨੂੰ ਲੈ ਕੇ ਜ਼ੋਰ-ਅਜ਼ਮਾਇਸ਼ ਚਲਦੀ ਆਈ ਹੈ। ਸ਼੍ਰੋਮਣੀ ਕਮੇਟੀ ਦੇ ਮੌਜੂਦਾ 170 ਮੈਂਬਰੀ ਜਨਰਲ ਹਾਊਸ ਦੀ ਮਿਆਦ ਇਸੇ ਸਾਲ 30 ਅਗਸਤ ਨੂੰ ਖ਼ਤਮ ਹੋ ਗਈ ਸੀ ਅਤੇ ਇਸ ਸਾਲ ਇਸ ਦੀਆਂ ਚੋਣਾਂ ਹੋਣੀਆਂ ਸਨ ਪਰ ਕੁਝ ਕਾਰਨਾਂ ਕਰਕੇ ਇਹ ਚੋਣਾਂ ਅਗਲੇ ਸਾਲ ’ਤੇ ਪੈ ਗਈਆਂ ਹਨ। ਫਿਰ ਵੀ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਸ਼ਮੂਲੀਅਤ ਕਰਨ ਵਾਲੇ ਲਗਭਗ ਸਾਰੇ ਅਕਾਲੀ ਧੜਿਆਂ ਨੇ ਕਿਸੇ ਨਾ ਕਿਸੇ ਰੂਪ ’ਚ ਇਨ੍ਹਾਂ ਚੋਣਾਂ ਨੂੰ ਮੁੱਖ ਰੱਖ ਕੇ ਸਰਗਰਮੀਆਂ ਆਰੰਭ ਦਿੱਤੀਆਂ ਹਨ। ਉਂਜ ਚੋਣਾਂ ਦੀ ਤਰੀਕ ਅੱਗੇ ਪੈਣ ਨਾਲ ਸ਼੍ਰੋਮਣੀ ਕਮੇਟੀ ਅਤੇ ਪੰਜਾਬ ਦੀ ਸੱਤਾ ’ਤੇ ਕਾਬਜ਼ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਕੋਈ ਫ਼ਰਕ ਨਹੀਂ ਪੈਣ ਵਾਲਾ ਪਰ ਅਕਾਲੀ ਦਲ (ਬਾਦਲ) ਵਿਰੋਧੀ ਧੜਿਆਂ ਦੇ ਪੱਖ ਦੀ ਗੱਲ ਇਹ ਹੈ ਕਿ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਚੋਣਾਂ ਦੀ ਤਿਆਰੀ ਲਈ ਹੋਰ ਸਮਾਂ ਮਿਲ ਜਾਏਗਾ।
ਆਧਾਰ
ਜ਼ਿਕਰਯੋਗ ਹੈ ਕਿ ਬਾਦਲ ਵਿਰੋਧੀ ਗਰੁੱਪਾਂ ਦਾ ਪੰਜਾਬ ਵਿਚ ਭਾਵੇਂ ਕੋਈ ਪ੍ਰਭਾਵੀ ਜਨਤਕ ਆਧਾਰ ਨਹੀਂ ਹੈ ਪਰ ਫਿਰ ਵੀ ਉਹ ਸੱਤਾਧਾਰੀ ਅਕਾਲੀ ਦਲ (ਬਾਦਲ) ਦੇ ਵਿਰੋਧ ਵਿਚ ਚੋਣ ਮੈਦਾਨ ’ਚ ਉਤਰਨਗੇ। ਪਿਛਲੀਆਂ ਸ਼੍ਰੋਮਣੀ ਕਮੇਟੀ ਚੋਣਾਂ ਜੋ 11 ਜੁਲਾਈ, 2004 ਨੂੰ ਹੋਈਆਂ ਸਨ, ਵਿਚ ਅਕਾਲੀ ਦਲ (ਬਾਦਲ) ਨੂੰ ਭਾਰੀ ਬਹੁਮਤ ਹਾਸਲ ਹੋਇਆ ਸੀ ਪਰ ਉਸ ਦੇ ਵਿਰੋਧ ਵਿਚ ਖੜ੍ਹੇ ਪੰਥਕ ਮੋਰਚੇ ਨੇ ਉਸ ਨੂੰ ਸਖ਼ਤ ਚੁਣੌਤੀ ਦਿੱਤੀ ਸੀ ਤੇ ਬਹੁਤ ਸਾਰੀਆਂ ਸੀਟਾਂ ’ਤੇ ਵੋਟਾਂ ਵਿਚਲਾ ਫ਼ਰਕ ਬਹੁਤ ਘੱਟ ਸੀ। ਉਦੋਂ ਤਾਂ ਅਕਾਲੀ ਦਲ (ਬਾਦਲ) ਸੱਤਾ ਵਿਚ ਨਹੀਂ ਸੀ, ਫਿਰ ਵੀ ਭਾਰੀ ਬਹੁਮਤ ਹਾਸਲ ਕਰਨ ਵਿਚ ਕਾਮਯਾਬ ਹੋਇਆ ਸੀ, ਹੁਣ ਉਸ ਦੀ ਸਰਕਾਰ ਹੈ, ਜਿਸ ਕਾਰਨ ਉਸ ਦੀ ਸਥਿਤੀ ਪਹਿਲਾਂ ਨਾਲੋਂ ਮਜ਼ਬੂਤ ਜਾਪਦੀ ਹੈ। ਬੇਸ਼ੱਕ ਇਸ ਵਾਰ ਬਾਕੀ ਅਕਾਲੀ ਧੜਿਆਂ ਦੀ ਸਥਿਤੀ ਬਾਦਲ ਅਕਾਲੀ ਦਲ ਦੇ ਮੁਕਾਬਲੇ ਕਾਫੀ ਕਮਜ਼ੋਰ ਹੈ ਪਰ ਫਿਰ ਵੀ ਕਈ ਕਾਰਨਾਂ ਕਰਕੇ ਬਾਦਲ ਵਿਰੋਧੀ ਅਕਾਲੀ ਗਰੁੱਪਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਮੌਜੂਦਾ ਸਮੇਂ ਵਿਚ ਅਕਾਲੀ ਦਲ ਬਾਦਲ ’ਤੇ ਇਸ ਵੱਲੋਂ ਸਿੱਖਾਂ ਦੇ ਅਤੇ ਪੰਜਾਬ ਦੇ ਗੰਭੀਰ ਮਸਲਿਆਂ ਪ੍ਰਤੀ ਬੇਰੁਖ਼ੀ ਦਿਖਾਉਣ ਦੇ ਦੋਸ਼ ਲੱਗਣ ਕਾਰਨ ਸਿੱਖਾਂ ਦਾ ਇਕ ਵੱਡਾ ਵਰਗ ਸ: ਪ੍ਰਕਾਸ਼ ਸਿੰਘ ਬਾਦਲ ਤੋਂ ਪ੍ਰਤੱਖ ਜਾਂ ਅਪ੍ਰਤੱਖ ਰੂਪ ਵਿਚ ਨਾਰਾਜ਼ ਹੈ। ਸ਼੍ਰੋਮਣੀ ਕਮੇਟੀ ਚੋਣਾਂ ਵਿਚ ਅਜਿਹਾ ਸੋਚਣ ਵਾਲੇ ਸਿੱਖ ਵੋਟਰਾਂ ਲਈ ਇਕੋ-ਇਕ ਬਦਲ ਬਾਦਲ ਵਿਰੋਧੀ ਪੰਥਕ ਫਰੰਟ (ਜੇ ਬਣਦਾ ਹੈ) ਹੀ ਹੋਵੇਗਾ। ਹੋਰ ਕਈ ਕਾਰਨ ਹਨ ਜਿਨ੍ਹਾਂ ਕਰਕੇ ਬਾਦਲ ਗਰੁੱਪ ਨੂੰ ਚੁਣੌਤੀ ਦੇਣ ਵਾਲੇ ਹਾਲਾਤ ਬਣ ਸਕਦੇ ਹਨ। ਇਨ੍ਹਾਂ ਚੋਣਾਂ ਵਿਚ ਕਾਂਗਰਸ ਨਾਲ ਜੁੜੀ ਸਿੱਖ ਵੋਟ ਵੀ ਬਾਦਲ ਗਰੁੱਪ ਦੇ ਵਿਰੋਧ ’ਚ ਹੀ ਭੁਗਤੇਗੀ। ਇਸ ਲਈ ਸ਼੍ਰੋਮਣੀ ਕਮੇਟੀ ਦੇ ਮੱਦੇਨਜ਼ਰ ਬਾਦਲ ਵਿਰੋਧੀ ਅਕਾਲੀ ਧੜਿਆਂ ਦੀ ਮੌਜੂਦਾ ਸਥਿਤੀ ਬਾਰੇ ਵਿਸ਼ਲੇਸ਼ਣ ਕਰਨਾ ਜ਼ਰੂਰੀ ਬਣਦਾ ਹੈ।
ਵਰਗੀਕਰਨ
ਬਾਦਲ ਵਿਰੋਧੀ ਅਕਾਲੀ ਗਰੁੱਪਾਂ ਨੂੰ ਅਸੀਂ ਦੋ ਸ਼੍ਰੇਣੀਆਂ ’ਚ ਵੰਡ ਸਕਦੇ ਹਾਂ। ਇਕ ਪਾਸੇ ਖਾੜਕੂ ਲਹਿਰ ਦਾ ਖੁੱਲ੍ਹ ਕੇ ਪੱਖ ਪੂਰਨ ਵਾਲੇ ਅਕਾਲੀ ਦਲ (ਅੰਮ੍ਰਿਤਸਰ) ਅਤੇ ਅਕਾਲੀ ਦਲ (ਪੰਚ ਪ੍ਰਧਾਨੀ) ਹਨ ਅਤੇ ਦੂਜੇ ਪਾਸੇ ਨਰਮ ਸੁਰ ਵਾਲੇ ਅਕਾਲੀ ਦਲ (1920), ਅਕਾਲੀ ਦਲ ਦਿੱਲੀ (ਸਰਨਾ ਧੜਾ) ਅਤੇ ਹੁਣੇ-ਹੁਣੇ ਬਣਿਆ ਅਕਾਲੀ ਦਲ (ਲੌਂਗੋਵਾਲ) ਹਨ। ਇਸ ਤੋਂ ਇਲਾਵਾ ਹੋਰ ਜਥੇਬੰਦੀਆਂ ਜਿਵੇਂ ਸੰਤ ਸਮਾਜ ਅਤੇ ਦਲ ਖਾਲਸਾ ਵੀ ਸਿੱਧੇ ਜਾਂ ਅਸਿੱਧੇ ਰੂਪ ’ਚ ਚੋਣਾਂ ’ਚ ਭਾਗ ਲੈਣਗੀਆਂ।
ਸ: ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜਨਤਕ ਆਧਾਰ ਵਿਚ ਭਾਵੇਂ ਕਮੀ ਆਈ ਹੈ ਪਰ ਇਹ ਦਲ ਗਾਹੇ-ਬਗਾਹੇ ਚਰਚਾ ਵਿਚ ਰਹਿੰਦਾ ਹੈ। ਕੁਝ ਸਮਾਂ ਪਹਿਲਾਂ ਦੋਫਾੜ ਹੋਣ ਨਾਲ ਇਸ ਨੂੰ ਭਾਰੀ ਸੱਟ ਵੱਜੀ ਸੀ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਸ: ਦਲਜੀਤ ਸਿੰਘ ਬਿੱਟੂ ਦੇ ਗਰੁੱਪ ਨੇ ਇਸ ਨਾਲੋਂ ਵੱਖਰਾ ਹੋ ਕੇ ਅਕਾਲੀ ਦਲ (ਪੰਚ ਪ੍ਰਧਾਨੀ) ਨੂੰ ਹੋਂਦ ਵਿਚ ਲਿਆਂਦਾ ਹੈ। ਬੇਸ਼ੱਕ ਮਾਨ ਦਲ ਨੇ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦੀ ਅਗਵਾਈ ਵਿਚ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਹੈ ਪਰ ਇਕੱਲੇ ਰੂਪ ’ਚ ਇਹ ਦਲ ਚੋਣਾਂ ’ਚ ਕੋਈ ਪ੍ਰਾਪਤੀ ਹਾਸਲ ਕਰਨ ਦੇ ਸਮਰੱਥ ਨਹੀਂ ਹੈ। ਹਾਲੇ ਇਸ ਦਲ ਨੇ ਕਿਸੇ ਵੀ ਅਕਾਲੀ ਧੜੇ ਨਾਲ ਗਠਜੋੜ ਬਣਾਉਣ ਦਾ ਐਲਾਨ ਨਹੀਂ ਕੀਤਾ ਪਰ ਇਸ ਦੀ ਸਿਧਾਂਤਕ ਸਾਂਝ ਪੰਚ ਪ੍ਰਧਾਨੀ ਗਰੁੱਪ ਨਾਲ ਹੈ। ਪਰ ਉਸ ਨਾਲ ਇਸ ਦੇ ਸਬੰਧ ਸੁਖਾਵੇਂ ਨਹੀਂ ਹਨ ਪਰ ਜਿਸ ਤਰ੍ਹਾਂ ਕੁਝ ਸਮਾਂ ਪਹਿਲਾਂ ਸ: ਮਾਨ ਨੇ ਦਲਜੀਤ ਸਿੰਘ ਬਿੱਟੂ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿਚ ਬਿਆਨ ਦਿੱਤਾ ਹੈ, ਉਸ ਨਾਲ ਇਨ੍ਹਾਂ ਦੋਵਾਂ ਦਲਾਂ ’ਚ ਚੋਣਾਂ ਨੂੰ ਲੈ ਕੇ ਗਠਜੋੜ ਦੀ ਸੰਭਾਵਨਾ ਬਣ ਵੀ ਸਕਦੀ ਹੈ।
ਦਲਜੀਤ ਸਿੰਘ ਬਿੱਟੂ ਦੀ ਗ੍ਰਿਫ਼ਤਾਰੀ
ਉਧਰ ਸ: ਦਲਜੀਤ ਸਿੰਘ ਬਿੱਟੂ ਦੀ ਗ੍ਰਿਫ਼ਤਾਰੀ ਦਾ ਕਾਰਨ ਪੁਲਿਸ ਵੱਲੋਂ ਭਾਵੇਂ ਇਹ ਦੱਸਿਆ ਗਿਆ ਹੈ ਕਿ ਉਹ ਪੰਜਾਬ ਵਿਚ ਖਾੜਕੂਵਾਦ ਨੂੰ ਮੁੜ ਸੁਰਜੀਤ ਕਰਨਾ ਚਾਹੁੰਦੇ ਹਨ ਪੰ੍ਰਤੂ ਬਾਦਲ ਵਿਰੋਧੀ ਸਿਆਸੀ ਹਲਕੇ ਇਸ ਗ੍ਰਿਫ਼ਤਾਰੀ ਦਾ ਕਾਰਨ ਸ਼੍ਰੋਮਣੀ ਕਮੇਟੀ ਚੋਣਾਂ ਨੂੰ ਮੰਨ ਰਹੇ ਹਨ ਤਾਂ ਕਿ ਇਨ੍ਹਾਂ ਚੋਣਾਂ ’ਚ ਇਹ ਆਗੂ ਸੱਤਾਧਾਰੀ ਅਕਾਲੀ ਪਾਰਟੀ ਲਈ ਸਿਰਦਰਦੀ ਨਾ ਸਿੱਧ ਹੋਵੇ। ਕੁਝ ਵੀ ਹੋਵੇ, ਪਰ ਇਹ ਵੀ ਇਕ ਤੱਥ ਹੈ ਕਿ ਦੋ ਕੁ ਸਾਲ ਪਹਿਲਾਂ ਉਠੇ ਡੇਰਾ ਸਿਰਸਾ ਵਿਵਾਦ ਵਿਚ ਦਲਜੀਤ ਸਿੰਘ ਬਿੱਟੂ ਵੱਲੋਂ ਨਿਭਾਈ ਸਰਗਰਮ ਭੂਮਿਕਾ ਕਾਰਨ ਉਸ ਦਾ ਨਾਂਅ ਮਾਲਵੇ ਦੇ ਕੁਝ ਸਿੱਖ ਹਲਕਿਆਂ ਵਿਚ ਕਾਫੀ ਬਣਿਆ ਹੈ। ਦੂਜਾ ਉਸ ਦੀ ਪਾਰਟੀ ਵੱਲੋਂ ਸ਼੍ਰੋਮਣੀ ਕਮੇਟੀ ਚੋਣਾਂ ਨੂੰ ਸਾਹਮਣੇ ਰੱਖ ਕੇ ਸਥਾਨਕ ਪੱਧਰ ’ਤੇ ਸਰਗਰਮੀਆਂ ਆਰੰਭ ਦਿੱਤੀਆਂ ਸਨ।
ਇਸ ਵਾਰ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਸਭ ਦੀਆਂ ਨਜ਼ਰਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਪਰਮਜੀਤ ਸਿੰਘ ਸਰਨਾ ’ਤੇ ਵੀ ਹੋਣਗੀਆਂ ਜੋ ਪਹਿਲੀ ਵਾਰ ਚੋਣ ਮੈਦਾਨ ’ਚ ਉਤਰ ਰਹੇ ਹਨ। ਉਨ੍ਹਾਂ ਦੀ ਇਨ੍ਹਾਂ ਚੋਣਾਂ ਵਿਚ ਭੂਮਿਕਾ ਦਿਲਚਸਪ ਰੂਪ ਧਾਰਨ ਕਰ ਸਕਦੀ ਹੈ ਕਿਉਂਕਿ ਭਾਵੇਂ ਸਰਨਾ ਧੜੇ ਦਾ ਪੰਜਾਬ ’ਚ ਕੋਈ ਆਧਾਰ ਨਹੀਂ ਹੈ ਪਰ ਉਹ ਕਾਂਗਰਸ ਦੇ ਸਿੱਧੇ ਹਮਾਇਤੀ ਹਨ, ਜਿਸ ਕਾਰਨ ਕਾਂਗਰਸ ਨਾਲ ਵੱਡੀ ਤਾਦਾਦ ’ਚ ਜੁੜੇ ਸਿੱਖ ਸਰਨਾ ਧੜੇ ਦੇ ਪੱਖ ’ਚ ਖੁੱਲ੍ਹ ਕੇ ਨਿਤਰਨ ਨੂੰ ਤਿਆਰ ਹੋ ਸਕਦੇ ਹਨ। ਜ਼ਿਕਰਯੋਗ ਹੈ ਕਿ ਕਾਂਗਰਸ ਭਾਵੇਂ ਸਿੱਧੇ ਰੂਪ ’ਚ ਸ਼੍ਰੋਮਣੀ ਕਮੇਟੀ ਚੋਣਾਂ ’ਚ ਭਾਗ ਨਹੀਂ ਲੈ ਸਕਦੀ ਪਰ ਇਹ ਆਪਣੇ ਮੁੱਖ ਵਿਰੋਧੀ ਅਕਾਲੀ ਧੜੇ ਨੂੰ ਅੰਦਰਖਾਤੇ ਠਿੱਬੀ ਲਾਉਣ ਦੀ ਤਾਕ ’ਚ ਰਹਿੰਦੀ ਹੈ। ਇਨ੍ਹਾਂ ਚੋਣਾਂ ਵਿਚ ਉਹ ਸਰਨਾ ਧੜੇ ਰਾਹੀਂ ਸ: ਬਾਦਲ ਨੂੰ ਠਿੱਬੀ ਲਾਉਣ ਦੀ ਤਾਕ ਵਿਚ ਹੈ। ਇਸ ਤੋਂ ਇਲਾਵਾ ਸਰਨਾ ਧੜੇ ਦਾ ਨਵੇਂ ਬਣੇ ਅਕਾਲੀ ਦਲ (ਲੌਂਗੋਵਾਲ) ਨਾਲ ਗਠਜੋੜ ਹੋਣ ਦੀ ਵੀ ਪੂਰੀ-ਪੂਰੀ ਸੰਭਾਵਨਾ ਹੈ ਕਿਉਂਕਿ ਸੰਤ ਲੌਂਗੋਵਾਲ ਦੀ ਬਰਸੀ ਉਤੇ ਲੌਂਗੋਵਾਲ ਗਰੁੱਪ ਵੱਲੋਂ ਕੀਤੀ ਸਿਆਸੀ ਕਾਨਫ਼ਰੰਸ ਵਿਚ ਸ: ਪਰਮਜੀਤ ਸਿੰਘ ਸਰਨਾ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ ਸੀ।
ਅਕਾਲੀ ਦਲ (1920)
ਉਧਰ ਸ: ਰਵੀਇੰਦਰ ਸਿੰਘ ਦੀ ਅਗਵਾਈ ਵਾਲਾ ਅਕਾਲੀ ਦਲ (1920) ਅੰਦਰੂਨੀ ਫੁੱਟ ਕਾਰਨ ਕਾਫੀ ਕਮਜ਼ੋਰ ਦਿਸ ਰਿਹਾ ਹੈ। ਹਾਲ ਹੀ ਵਿਚ ¦ਘੀਆਂ ਲੋਕ ਸਭਾ ਚੋਣਾਂ ਵਿਚ ਇਸ ਦੇ ਸੀਨੀਅਰ ਆਗੂ ਕਾਂਗਰਸ ਵਿਚ ਸ਼ਾਮਿਲ ਹੋ ਗਏ ਸਨ। ਇਸ ਤੋਂ ਬਿਨਾਂ ਪਿੱਛੇ ਜਿਹੇ ਅਕਾਲੀ ਦਲ (1920) ਦੇ ਸਿਖਰਲੇ ਆਗੂ ਭਾਈ ਜਸਬੀਰ ਸਿੰਘ ਰੋਡੇ ਦੀ ਅਗਵਾਈ ਵਿਚ ਵੱਡੀ ਗਿਣਤੀ ਵਿਚ ਪਾਰਟੀ ਆਗੂਆਂ ਵੱਲੋਂ ਪਾਰਟੀ ਛੱਡਣ ਸਬੰਧੀ ਖ਼ਬਰਾਂ ਛਪੀਆਂ ਸਨ। ਭਾਵੇਂ ਕੁਝ ਆਗੂਆਂ ਵੱਲੋਂ ਇਸ ਖ਼ਬਰ ਵਿਚਲੇ ਕੁਝ ਤੱਥਾਂ ਨੂੰ ਗ਼ਲਤ ਕਰਾਰ ਦਿੱਤਾ ਗਿਆ ਸੀ ਪਰ ਇਹ ਸਪੱਸ਼ਟ ਹੀ ਹੈ ਕਿ ਭਾਈ ਜਸਬੀਰ ਸਿੰਘ ਰੋਡੇ ਅਤੇ ਉਨ੍ਹਾਂ ਦੇ ਸਮਰਥਕ ਆਗੂ ਪਿਛਲੇ ਕੁਝ ਸਮੇਂ ਤੋਂ ਪਾਰਟੀ ਪ੍ਰਧਾਨ ਤੋਂ ਅਸਿੱਧੇ ਰੂਪ ’ਚ ਵੱਖ ਹੋ ਕੇ ਚਲ ਰਹੇ ਹਨ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਸ: ਰਵੀਇੰਦਰ ਸਿੰਘ ਦੀ ਪਾਰਟੀ ਉਤੇ ਪਕੜ ਢਿੱਲੀ ਹੋਈ ਹੈ ਅਤੇ ਪਾਰਟੀ ਦਾ ਇਕ ਵੱਡਾ ਵਰਗ ਬਾਦਲ ਗਰੁੱਪ ਨਾਲ ਖੜ੍ਹਾ ਦਿਖਾਈ ਦਿੰਦਾ ਹੈ। ਹਰਿਆਣੇ ਵਿਚ ਵੱਖਰੀ ਗੁਰਦੁਆਰਾ ਕਮੇਟੀ ਦੇ ਉਠੇ ਵਿਵਾਦ ਕਾਰਨ ਬਣੇ ਹਾਲਾਤ ਮੁਤਾਬਿਕ ਇਸ ਵਾਰ ਵੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ (ਐਡਹਾਕ) ਨੂੰ ਉਥੇ ਦੀਆਂ ਵਧੇਰੇ ਸੀਟਾਂ ਮਿਲਣ ਦੀ ਸੰਭਾਵਨਾ ਹੈ।
ਕੁੱਲ ਮਿਲਾ ਕੇ ਬਾਦਲ ਵਿਰੋਧੀ ਅਕਾਲੀ ਧੜਿਆਂ ਲਈ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਵਰਨਣਯੋਗ ਸਫਲਤਾ ਹਾਸਲ ਕਰ ਪਾਉਣੀ ਬੇਹੱਦ ਮੁਸ਼ਕਿਲ ਹੈ। ਇਸ ਦੇ ਬਾਵਜੂਦ ਜ਼ਮੀਨੀ ਹਕੀਕਤਾਂ ਨੂੰ ਦੇਖਦੇ ਹੋਏ ਹਾਲ ਦੀ ਘੜੀ ਜੇ ਬਾਦਲ ਵਿਰੋਧੀ ਅਕਾਲੀ ਧੜੇ ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊਸ ਵਿਚ ਇਕ ਮਜ਼ਬੂਤ ਵਿਰੋਧੀ ਧਿਰ ਬਣਾਉਣ ਵਿਚ ਕਾਮਯਾਬ ਹੁੰਦੇ ਹਨ ਤਾਂ ਇਹੀ ਉਨ੍ਹਾਂ ਦੀ ਵੱਡੀ ਪ੍ਰਾਪਤੀ ਕਹੀ ਜਾਵੇਗੀ। ਬਹੁਮਤ ਪ੍ਰਾਪਤ ਕਰਨਾ ਅਜੇ ਦੂਰ ਦੀ ਮੰਜ਼ਿਲ ਹੈ।

ਸੁਰਜੀਤ ਸਿੰਘ ਗੋਪੀਪੁਰ
-ਮੋ: 94172-58765