Pages

Monday, March 15, 2010

ਭਾਰਤੀ ਮੀਡੀਆ ਹਮੇਸ਼ਾਂ ਦਿੱਲੀ ਰਾਜਸੱਤਾ ਨਾਲ ਹਮ-ਬਿਸਤਰ ਹੁੰਦਾ ਰਿਹਾ ਹੈ- ਜਸਪਾਲ ਸਿੰਘ ਸਿੱਧੂ


ਵਿਸ਼ੇਸ਼ ਮੁਲਾਕਾਤ

ਮੁਲਾਕਾਤੀ - ਸੁਰਜੀਤ ਸਿੰਘ ਗੋਪੀਪੁਰ

ਸ. ਜਸਪਾਲ ਸਿੰਘ ਸਿੱਧੂ ਪੱਤਰਕਾਰੀ ਦੇ ਖੇਤਰ ਵਿੱਚ ਜਾਣਿਆ-ਪਛਾਣਿਆ ਨਾਂ ਹੈ। ਉਹ ਖ਼ਬਰ ਏਜੰਸੀ ਯੂ.ਐਨ.ਆਈ. (ਯੂਨਾਈਟਿਡ ਨਿਊਜ਼ ਆਫ ਇੰਡੀਆ) ਅਤੇ ‘ਦ ਇੰਡੀਅਨ ਐਕਸਪ੍ਰੈਸ’ ਦੇ ਸੀਨੀਅਰ ਪੱਤਰਕਾਰ ਰਹਿ ਚੁੱਕੇ ਹਨ। ਪੱਤਰਕਾਰੀ ਦੀਆਂ ਨੈਤਿਕ ਕਦਰਾਂ-ਕੀਮਤਾਂ ’ਤੇ ਅਡੋਲ ਰਹਿਣ ਵਾਲੇ ਕੁੱਝ ਕੁ ਪੱਤਰਕਾਰਾਂ ਵਿੱਚ ਉਨ•ਾਂ ਦਾ ਨਾਂ ਉਭਰਵੇਂ ਰੂਪ ਵਿੱਚ ਸਾਹਮਣੇ ਆਉਂਦਾ ਹੈ। 1982 ਵਿੱਚ ਧਰਮ ਯੁੱਧ ਮੋਰਚੇ ਦੀ ਕਵਰੇਜ਼ ਲਈ ਯੂ.ਐਨ.ਆਈ. ਵਲੋਂ ਉਨ•ਾਂ ਦੀ ਨਿਯੁਕਤੀ ਸ਼੍ਰੀ ਦਰਬਾਰ ਸਾਹਿਬ (ਅੰਮ੍ਰਿਤਸਰ) ਵਿਖੇ ਵਿਸ਼ੇਸ਼ ਤੌਰ ਤੇ ਕੀਤੀ ਗਈ ਜਿਸ ਦੌਰਾਨ ਉਨ•ਾਂ ਪੱਤਰਕਾਰੀ ਨਾਲ ਜੁੜੇ ਸਮੁੱਚ ਵਰਤਾਰੇ ਨੂੰ ਵਿੱਚ ਵੜ ਕੇ ਵੇਖਿਆ ਹੈ। ਇਸ ਵਿਸ਼ੇਸ਼ ਮੁਲਾਕਾਤ ਵਿੱਚ ਉਨ•ਾਂ ਨੇ ਪੱਤਰਕਾਰੀ ਜੀਵਨ ਦੇ ਆਪਣੇ ਕੀਮਤੀ ਤਜਰਬਿਆਂ ਨੂੰ ਸਾਂਝਾ ਕੀਤਾ ਹੈ। ਇਸ ਤੋਂ ਇਲਾਵਾ ਉਨ•ਾਂ ਸਮੁੱਚੇ ਸਿੱਖ ਸੰਘਰਸ਼ ਦੌਰਾਨ ਮੀਡੀਆ ਵਲੋਂ ਨਿਭਾਈ ਗਈ ਭੂਮਿਕਾ ਸੰਬੰਧੀ ਸਨਸਨੀਖੇਜ ਤੱਥਾਂ ਦਾ ਖੁਲਾਸਾ ਕੀਤਾ ਅਤੇ ਇਸ ਨਾਲ ਜੁੜੀਆਂ ਸੱਚਾਈਆਂ ਨੂੰ ਉਜਾਗਰ ਕੀਤਾ ਹੈ।

ਸਵਾਲ: ਪੱਤਰਕਾਰੀ ਦੇ ਖੇਤਰ ਨੂੰ ਚੁਣਨ ਦਾ ਕਿਵੇਂ ਸਬੱਬ ਬਣਿਆ?
ਜਵਾਬ: ਪੱਤਰਕਾਰੀ ਦਾ ਖੇਤਰ ਮੈਂ ਇਸ ਕਾਰਨ ਚੁਣਿਆ, ਉਦੋਂ ਨੌਕਰੀਆਂ ਲੈਣ ਦੀ ਉਮਰ 27 ਕੁ ਸਾਲ ਹੁੰਦੀ ਸੀ। ਪੜਾਈ ਵਿੱਚ ਜਦੋਂ 4-5 ਸਾਲ ਦੇ ਵਕਫੇ ਤੋਂ ਬਾਅਦ ਦੁਬਾਰਾ ਕਾਲਜ ਵਿੱਚ ਦਾਖਲਾ ਲੈਣ ਤੋਂ ਬਾਅਦ ਮੈਂ ਐਮ.ਏ.(ਇੰਗਲਿਸ਼), ਫਿਰ ਜਰਨਲਿਜ਼ਮ ਦੀ ਡਿਗਰੀ ਕੀਤੀ। ਜਾਂ ਥੋੜਾ ਜਿਹਾ ਮੈਂ ਖੱਬੀ ਪੱਖੀ ਕਾਰਕੁੰਨ ਰਿਹਾ ਤੇ ਇਸ ਸਾਰੇ ਚੱਕਰ ’ਚ ਮੇਰੀ ਉਮਰ 27 ਤੋਂ ਟੱਪ ਚੁੱਕੀ ਸੀ। ਪੱਤਰਕਾਰੀ ਹੈ ਨਹੀਂ ਸੀ ਉਦੋਂ ਸਾਰੇ ਕਿਤੇ। ਹਿੰਦੀ, ਉਰਦੂ ਜਾਂ ਪੰਜਾਬੀ ਦੇ ਛੋਟੇ-ਮੋਟੇ ਪੇਪਰ ਸਾਡੇ ਵੇਲੇ ਸ਼ੁਰੂ ਹੋਏ ਸੀ, ਉਸ ਵੇਲੇ ਤਾਂ ਪੰਜਾਬੀ ਟ੍ਰਿਬਿਊਨ ਵੀ ਸ਼ੁਰੂ ਨਹੀਂ ਹੋਇਆ ਸੀ। ਅਜੀਤ ਵੀ ਹਲੇ ਸ਼ੁਰੂਆਤੀ ਸੀ। ਅਕਾਲੀ ਪਤ੍ਰਿਕਾ ਤੇ ਅਜੀਤ ਬਰਾਬਰ ਸੀ। ‘ਕੌਮੀ ਦਰਦ’ ਜਿਹੜਾ ਅਕਾਲੀ ਦਲ ਦਾ ਪੇਪਰ ਸੀ, ਆਪਸੀ ਲੜਾਈ ਕਾਰਨ ਬੰਦ ਹੋ ਚੁੱਕਾ ਸੀ ਜਾਂ ਬਿਲਕੁਲ ਲੜਖੜਾ ਰਿਹਾ ਸੀ। ਇਸ ਤਰ•ਾਂ ਪੰਜਾਬੀ ’ਚ ਤਾਂ ਪੱਤਰਕਾਰੀ ਦਾ ਘੇਰਾ ਬਹੁਤਾ ਹੈ ਨਹੀਂ ਸੀ। ਮੈਂ ਪੱਤਰਕਾਰੀ ਬਾਰੇ ਪੁਛਿਆ ਲੋਕਾਂ ਨੂੰ ਕਿ ਕੀ ਕਰੀਏ? ਕਿਸੇ ਨੂੰ ਕੁਝ ਨਹੀਂ ਸੀ ਪਤਾ। ਇਕੱਲਾ ਕੁਲਦੀਪ ਨਈਅਰ ਆਉਦਾ ਹੁੰਦਾ ਸੀ, ਵਿਭਾਗ ਦਾ ਮੁਖੀ ਬਣਾਇਆ ਉਸਨੂੰ, ਕੋਈ ਟੀਚਰ ਨਹੀਂ ਸੀ ਹੁੰਦਾ। ਇਸ ਤੋਂ ਬਾਅਦ ਮੈਂ ਇੰਡੀਅਨ ਐਕਸਪ੍ਰੈਸ ਵਿਚ ਪੱਤਰਕਾਰ ਦੇ ਤੌਰ ਤੇ ਨਿਯੁਕਤ ਹੋਇਆ। ਉਸ ਵੇਲੇ ਇਸ ਅਖਬਾਰ ਨੇ ਚੰਡੀਗੜ• ਐਡੀਸ਼ਨ ਸ਼ੁਰੂ ਕੀਤਾ ਸੀ ਤੇ ਕੁਲਦੀਪ ਨਈਅਰ ਇਸਦਾ ਸੰਪਾਦਕ ਹੁੰਦਾ ਸੀ। ਚਾਰ-ਪੰਜ ਸਾਲ ਮੈਂ ਬਠਿੰਡਾ ਹੈਡਕੁਆਟਰ ਰਿਹਾ, ਉਸ ਤੋਂ ਬਾਅਦ ਉਥੇ ਮੋਰਚਾ ਸ਼ੁਰੂ ਹੋ ਗਿਆ ਸੀ ’82 ਦੇ ਵਿੱਚ। ਜਿਹੜਾ ਮੇਰੇ ਤੋਂ ਪਹਿਲਾ ਯੂ.ਐਨ.ਆਈ. ’ਚ ਕੰਮ ਕਰਦਾ ਸੀ ਉਹ ਹਰਬੀਰ ਸਿੰਘ ਭੰਵਰ ਸੀ। ਕਿਸੇ ਖਾਸ ਕਾਰਨ ਕਰਕੇ ੳਸ ਨੇ ਯੂ.ਐਨ.ਆਈ. ਦੇ ਦਫਤਰ ਜਾਣਾ ਬੰਦ ਕਰ ਦਿੱਤਾ ਤੇ ਦਫਤਰ ਬੰਦ ਹੋ ਗਿਆ। ਫਿਰ ਯੂ.ਐਨ.ਆਈ. ਨੇ ਮੇਰੇ ਤੱਕ ਪਹੁੰਚ ਕੀਤੀ। ਫਿਰ ਇਸ ਦੇ ਚੰਡੀਗੜ• ਦਫਤਰ ਵਾਲਿਆਂ ਨੇ ਮੇਰੀ ਦਿੱਲੀ ਮੁੱਖ ਦਫਤਰ ਵਿਖੇ ਇੰਟਰਵਿਊ ਪੱਕੀ ਕਰ ਦਿੱਤੀ। ਦਿੱਲੀ ਵਾਲਿਆਂ ਨੇ ਮੇਰੀ ਚੋਣ ਕਰ ਲਈ। ਦੋ ਗੱਲਾਂ ਇਨਾਂ ਨੇ ਦੇਖੀਆਂ......ਕਿ ਸਰਦਾਰ ਚਾਹੀਦਾ, ਪੱਗ ਵਾਲਾ ਚਾਹੀਦਾ ਜਿਹੜਾ ਅੰਦਰ ਦਰਬਾਰ ਸਾਹਿਬ ਦੇ ਜਾ ਸਕੇ ਤੇ ਇਸ ਕਾਰਨ ਮੇਰੀ ਯੂ.ਐਨ.ਆਈ.ਨੇ ਜਿਹੜੀ ਛੋਟੀ-ਮੋਟੀ ਸ਼ਰਤ ਸੀ, ਉਹ ਵੀ ਮੰਨ ਲਈ। ਇਸ ਨਿਯੁਕਤੀ ਤੋਂ ਬਾਅਦ ਮੈਂ ਫਿਰ ਅੰਮ੍ਰਿਤਸਰ ਆਇਆ ਤੇ ਇਸ ਤੋਂ ਪਹਿਲਾਂ ਮੇਰੀ ਕੋਲ ਇੰਡੀਅਨ ਐਕਸਪ੍ਰੈਸ ਵਿੱਚਲਾ ਪੰਜਾਂ ਸਾਲਾਂ ਦਾ ਤਜਰਬਾ ਸੀ।

ਸਵਾਲ: ਯੂ.ਐਨ.ਆਈ ’ਚ ਤੁਸੀਂ ਕਿੰਨਾ ਸਮਾ ਰਹੇ?
ਜਵਾਬ: 25 ਸਾਲ, ਜਿਸਦੇ ਵਿਚੋਂ ਮੈਂ 4 ਸਾਲ ਅੰਮ੍ਰਿਤਸਰ ਲਾਏ ਤੇ ਬਾਕੀ ਦਿੱਲੀ ਵਿੱਚ।

ਸਵਾਲ: ਸਿੱਖ ਵਿਚਾਰਧਾਰਾ ਵਿਚ ਵਾਪਸ ਆਉਣ ਤੋਂ ਪਹਿਲਾਂ ਤੁਹਾਡਾ ਕਿਸ ਵਿਚਾਰਧਾਰਾ ਵੱਲ ਝੁਕਾਅ ਸੀ ਜਾਂ ਕਿਹੜੇ ਵਿਚਾਰਾਂ ਨੂੰ ਆਦਰਸ਼ ਮੰਨਦੇ ਸੀ?
ਜਵਾਬ: ਦੇਖੋ, ਉਦੋਂ ਦੀ ਸਾਡੀ ਸਾਰੀ ਪੀੜੀ ਜਿਹੜੀ ਯੂਨੀਵਰਸਿਟੀਆਂ, ਕਾਲਜਾਂ ’ਚ ਪੜਦੀ ਸੀ, ਖੱਬੇ ਪੱਖੀ ਵਿਚਾਰਧਾਰਾ ਤੋਂ ਪ੍ਰਭਾਵਿਤ ਸੀ। ਖੱਬੇ ਪੱਖੀ ਵਿਚਾਰਧਾਰਾ ਦਾ ਮਤਲਬ ਹੈ ਕਿ ਤੁਹਾਡੇ ਕੋਲ ਖਾਸ ਕਿਸਮ ਦਾ ‘ਵਿਚਾਰ’ ਬਣਿਆ ਹੋਵੇ। ਅਮਲੀ ਰੂਪ ’ਚ ਕੀ ਹੋ ਰਿਹਾ, ਤੁਸੀਂ ਉਸ ਨਾਲ ਜੋੜ ਕੇ ਥੋੜਾ ਜਿਹਾ ਤਰਕ ’ਤੇ ਲਾ ਕੇ ਸੋਚਦੇ ਹੋ, ਕਿਹੜਾ ਗਲਤ ਕਿਹੜਾ ਸਹੀ ਏ। ਜਦੋਂ ਫਿਰ ਮੈਂ ਅੰਮ੍ਰਿਤਸਰ ਵਿੱਚ ਸਿੱਖ ਜੀਵਨ ਜਾਚ ਨੂੰ ਨੇੜਿਓਂ ਦੇਖਦਾ ਰਿਹਾ, ਕਿਸ ਕਿਸਮ ਦੇ ਲੋਕ ਆ ਕੇ ਜੁੜਨ ਲਗੇ ਨੇ ਨਾਲ, ਕੀ ਵਿਚਾਰਧਾਰਾ ਏ.....ਰੋਜਾਨਾ ਜਦੋਂ ਲੈਕਚਰ ਹੋਣ ਲਗੇ ਤੇ ਵਿਚਾਰ ਚਰਚਾਵਾਂ ਹੋਣ ਲਗੀਆਂ ਵਿਚਾਰਧਾਰਾ ਤੇ ਸਿੱਖ ਇਤਿਹਾਸ ’ਤੇ..... ਫਿਰ ਉਸਦੇ ਨਾਲ ਮੇਰੀ ਇਕ ਕਿਸਮ ਦੀ ਸਕੂਲਿੰਗ ਹੁੰਦੀ ਰਹੀ। ਉਸ ਸਕੂਲਿੰਗ ਚੋਂ ਮੈਨੂੰ ਲਗਦਾ ਰਿਹਾ ਕਿ ਕਮਿਊਨਿਸਟਾਂ ਨੇ ਬਹੁਤ ਗਲਾਂ ਗਲਤ ਕੀਤੀਆਂ, ਸਮਝਿਆ ਨਹੀਂ। ਉਹ ਕਹਿੰਦੇ ਰਹੇ ਕਿ ਸਿੱਖ ਵਿਚਾਰਧਾਰਾ ਦਾ ਜਿਹੜਾ ਇਨਕਲਾਬੀ ਪਹਿਲੂ ਅਸੀਂ ਵਰਤਾਂਗੇ, ਦੂਜੇ ਦੇ ਅਸੀਂ ਵਿਰੋਧ ’ਚ ਹਾਂ। ਉਹ ਇਨ•ਾਂ ਦੋਹਾਂ ਪਹਿਲੂਆਂ ਨੂੰ ਵੱਖਰਾ-ਵੱਖਰਾ ਕਰਕੇ ਦੇਖਦੇ ਸੀ। ਮੈਨੂੰ ਲਗਿਆ ਕਿ ਇਹ ਬਿਲਕੁਲ ਇਹਨਾਂ ਦੀ ਗਲਤ ਸੋਚ ਹੈ। ਹੁਣ ਤਾਂ ਮੈਨੂੰ ਬਿਲਕੁਲ ਲਗਦਾ ਕਿ ਜੇ ਕੋਈ ਇਨਕਲਾਬੀ ਹੁੰਦਾ, ਸਮੁੱਚੇ ਰੂਪ ’ਚ ਹੁੰਦਾ ਹੈ, ਨਹੀਂ ਤਾਂ ਹੁੰਦਾ ਨਹੀਂ। ਜਿਹੜੀ ਇਨ•ਾਂ ਦੀ ਅੱਡ-ਅੱਡ ਕਰਕੇ ਦੇਖਣ ਦੀ ਕੋਸ਼ਿਸ਼ ਸੀ, ਉਸ ਨਾਲ ਮੈਂ ਸਹਿਮਤ ਨਹੀਂ ਸੀ। ਇਨਾਂ ਦੇ ਪ੍ਰੈਸ ਬਿਆਨ ਆਉਂਦੇ, ਉਹ ਬਿਆਨ ਸਾਰੇ ਦੇ ਸਾਰੇ ਉਹੀ ਹੁੰਦੇ ਜਿਹੜੇ ਬਿਆਨ ਭਾਜਪਾ ਜਾਂ ਕਾਂਗਰਸ ਦੇ ਹੁੰਦੇ ਸੀ ਕਿ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਖਤਰਾ ਹੈ ਵਗੈਰਾ-ਵਗੈਰਾ। ਇਸ ਤਰ•ਾਂ ਦੇ ਮੈਨੂੰ ਹਮੇਸ਼ਾ ਔਖਾ ਕਰਦੇ ਰਹਿੰਦੇ ਉਥੇ ਪੱਤਰਕਾਰੀ ਦੇ ਦਿਨਾਂ ’ਚ, ਸ਼ੁਰੂਆਤ ’ਚ ਵੀ। ਏਕਤਾ ਤੇ ਅਖੰਡਤਾ ਤੋਂ ਮਤਲਬ ਕੀ ਹੋਇਆ? ਮੈਂ ਕਈ ਕਮਿਊਨਿਸਟਾਂ ਨੂੰ ਪੁੱਛ ਵੀ ਲੈਂਦਾ ਹੁੰਦਾ ਸੀ, ਕਿ ਕਮਿਊਨਿਸਟਾਂ ਦੇ ਮੁਤਾਬਕ ਜਿਹੜਾ ਬੰਦਾ ਏ, ਆਦਮੀ ਏ, ਵਿਅਕਤੀ ਏ, ਉਹ ਕੇਂਦਰ ਏ, ਉਸਦੀ ਅਜ਼ਾਦੀ ਦਾ ਮਸਲਾ ਏ, ਆਰਥਿਕ ਪੱਖ ਤੋਂ ਉਹਦੀ ਰੋਟੀ ਦਾ ਮਸਲਾ ਏ, ਵਿਚਾਰਾਂ ਦੇ ਪ੍ਰਗਟਾਵੇ ਦਾ ਮਸਲਾ ਏ, ਉਸਦੀ ਰਾਜਸੀ ਅਜ਼ਾਦੀ ਦਾ ਮਸਲਾ ਏ, ਇਸਨੂੰ ਦੇਸ਼ ਦੇ ਕਿਸੇ ਖਿੱਤੇ ਨਾਲ ਕਿਵੇਂ ਜੋੜੋਗੇ ਤੁਸੀਂ ਕਿ ਇਸ ਦੀ ਇਹ ਪਵਿੱਤਰਤਾ ਹੈ। ਇਸ ਤਰ•ਾਂ ਇਹ ਸਾਰੀ ਗੱਲ ਚਲਦੀ ਰਹੀ ਸੀ ਪਰ ਮੈਨੂੰ ਲਗਦਾ ਸੀ ਇਸ ਦਾ ਕਾਮਰੇਡਾਂ ਕੋਲ ਜੁਆਬ ਵਗੈਰਾ ਨਹੀਂ ਏ, ਮੇਰੇ ਜਿਹੜੇ ਪੁਰਾਣੇ ਯਾਰ-ਦੋਸਤ ਹੁੰਦੇ ਸੀ, ਜਾਣ-ਪਛਾਣ ਵਾਲੇ ਹੁੰਦੇ ਸੀ, ਉਹ ਮੇਰੇ ਤੇ ਟਿੱਪਣੀਆਂ ਕਰਦੇ ਰਹਿੰਦੇ। ਇੱਥੋਂ ਤਕ ਕਿ ਗੁਰਚਰਨ ਸਿੰਘ ਜੋ ਲੋਂਗੌਵਾਲ ਦੇ ਨਾਲ ਹੁੰਦਾ ਸੀ ਅਤੇ ਪਹਿਲਾਂ ਕਾਮਰੇਡ ਹੁੰਦਾ ਸੀ ਪਰ ਉਸਦਾ ਕੋਈ ਸਿਧਾਂਤਕ ਪੱਧਰ ਨਹੀਂ ਸੀ.....ਉਸ ਨੇ ਮੇਰੇ ਇਲਾਕੇ ਦੇ ਕਈ ਬੰਦਿਆਂ ਨੂੰ ਕਿਹਾ ਕਿ ਯਾਰ ਇਹ ਆਪਣਾ ਬੰਦਾ ਹੁੰਦਾ ਸੀ, ਸੰਤਾਂ ਵੱਲੋ ਝੁਕਾਅ ਕਰ ਗਿਆ। ਉਹ ਬੰਦੇ ਮੇਰੇ ਕੋਲ ਆਏ। ਮੈਂ ਉਨ•ਾਂ ਨੂੰ ਆਖਿਆ ਕਿ ਤੁਸੀਂ ਮੇਰੇ ਨਾਲ ਦਰਬਾਰ ਸਾਹਿਬ ਜਾਇਓ ਤੇ ਸੰਤ ਲੋਂਗੌਵਾਲ ਕੋਲ ਜਿਹੜੇ ਬੰਦੇ ਨੇ, ਸੱਤਾ ਪ੍ਰਾਪਤ ਕਰਨ ਲਈ ਆਉਂਦੇ ਨੇ, ਦੂਜੇ ਪਾਸੇ ਜਿਹੜੇ ਬੰਦੇ ਆ ਰਹੇ ਨੇ ਲੜਨ ਲਈ ਆਉਂਦੇ ਆ ਤੇ ਤੁਸੀਂ ਉਨ•ਾਂ ਦੀ ਵੇਸ਼-ਭੂਸ਼ਾ, ਕੱਪੜੇ ਜੋਸ਼ ਖਰੋਸ਼ ਦੇਖ ਲਉ ਕਿ ਕਿਹੜੇ ਈਮਾਨਦਾਰੀ ਨਾਲ ਆਉਂਦੇ ਹਨ ਕਿ ਕਿਹੜੇ ਵੱਡੀਆਂ ਕਾਰਾਂ ’ਚ ਬੈਠ ਕੇ ਇਥੇ ਆਉਂਦੇ ਆ ਤੇ ਸੱਤਾ ਲਈ ਆਉਂਦੇ ਆ। ਜੇ ਤੁਸੀਂ ਮਾਰਕਸਵਾਦੀ ਵਿਚਾਰ ਦੇ ਆਧਾਰ ਤੇ ਵੀ ਵੇਖੋ ਕਿ ਜਿਹੜੇ ਸੱਤਾ ਲਈ ਬੰਦੇ ਖੜੇ ਨੇ, ਅਸੀਂ ਤਾਂ ਸੱਤਾ ਵਾਲੇ ਬੰਦੇ ਦਾ ਵਿਰੋਧ ਕਰਨਾ। ਮੈਨੂੰ ਕਈ ਬੰਦਿਆਂ ਨੇ ਚਿਠੀਆਂ ਵੀ ਪਾਈਆਂ ਇਥੋਂ ਯੂਨੀਵਰਸਿਟੀ ਤੋਂ ਕਿ ਤੂੰ ਕਿਥੇ ਜਾ ਖੜਾ ਹੋਇਆ। ਅਸਲ ’ਚ ਉਹਨਾਂ ਦੀ ਸਾਰੀ ਸਿਆਸਤ ਸਟੇਟ ਦੀ ਸੇਵਾ ’ਚ ਲਗੀ ਰਹਿੰਦੀ ਸੀ, ਉਨ•ਾਂ ਦੇ ਹੱਕ ’ਚ ਭੁਗਤਦੀ ਸੀ। ਇਸ ਤਰ•ਾਂ ਜਦੋਂ ਮੈਂ ਦਰਬਾਰ ਸਾਹਿਬ ਗਿਆ ਤਾਂ ਸੰਤ ਜਰਨੈਲ ਸਿੰਘ ਦੇ ਵਿਚਾਰਾਂ ਨਾਲ ਮੇਰਾ ਖੱਬੇਪੱਖੀ ਝੁਕਾਅ ਹੌਲੀ-2 ਖੁਰਦਾ ਗਿਆ।

ਸਵਾਲ: ਤੁਸੀ ਵਿਦਿਆਰਥੀ ਜੀਵਨ ’ਚ ਖੱਬੇ ਪੱਖੀ ਵਿਚਾਰਧਾਰਾ ਦੇ ਸਰਗਰਮ ਕਾਰਕੁੰਨ ਦੇ ਰੂਪ ’ਚ ਵਿਚਰੇ ਜਾਂ ਵੈਸੇ ਹੀ ਇਸਦਾ ਅਸਰ ਸੀ ਜਾਂ ਇਸ ਨਾਲ ਸਹਿਮਤੀ ਸੀ?
ਜਵਾਬ: ਵਿਚਾਰਧਾਰਕ ਸਹਿਮਤੀ ਤੋਂ ਵੱਧ ਕੇ ਵੀ ਸੀ। ਮੈਂ ਸਰਗਰਮ ਕਾਰਕੁੰਨ ਦੇ ਤੌਰ ਤੇ ਵੀ ਕੰਮ ਕਰਦਾ ਸੀ। ਸਧਾਰਨ ਪੱਧਰ ਤੋਂ ਉ¤ਤੇ ਮੁਹਰਲੀ ਕਤਾਰ ਵਿੱਚ ਸੀ ਪਰ ਉਹ ਵੀ ਮੈਨੂੰ ਲੱਗਣ ਲੱਗ ਪਿਆ ਸੀ ਕਿ ਇਹ ਚਲੇਗਾ ਨਹੀਂ, ਇਸੇ ਕਰਕੇ ਮੈਂ ਫਿਰ ਪੱਤਰਕਾਰੀ ਵੱਲ ਮੁੜ ਗਿਆ। ਮੈਨੂੰ ਉਦੋ ਅਹਿਸਾਸ ਹੋ ਗਿਆ ਸੀ ਜਦੋਂ ਮੈਂ ਪਟਿਆਲਾ ਛੱਡ ਕੇ ਗਿਆ ਸੀ। ਮੈਨੂੰ ਇਹ ਸੀ ਕਿ ਇਹ ਇਨਕਲਾਬ ਲਿਆਉਣ ਦੀ ਗੱਲ ਜਿਸ ਤਰੀਕੇ ਨਾਲ ਕਰਦੇ ਆ, ਇਹ ਅੱਗੇ ਵਧੇਗੀ ਨਹੀਂ, ਇਸ ਕਾਰਨ ਮੈਂ ਛੱਡ ਗਿਆ ਤੇ ਕੁਝ ਦੇਰ ਬਾਅਦ ਅਖਬਾਰ ਵਿਚ ਲਗ ਗਿਆ।

ਸਵਾਲ: ਸਿੱਖ ਵਿਚਾਰਧਾਰਾ ਨਾਲ ਜੁੜਨ ਦਾ ਕੀ ਕਾਰਨ ਬਣਿਆ?
ਜਵਾਬ: ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਸਿੱਖ ਵਿਚਾਰਧਾਰਾ ਨਾਲ ਜੁੜਨ ਦਾ ਕਾਰਨ ਸਭ ਤੋਂ ਪਹਿਲਾ ਕਾਰਨ ਪਰਿਵਾਰਕ ਪਿਛੋਕੜ ਸੀ। ਮੈਨੂੰ ਬਹੁਤ ਜਿਆਦਾ ਜੋੜਨ ਦੇ ਵਿੱਚ ਪੱਤਰਕਾਰ ਦਲਬੀਰ ਸਿੰਘ ਭਾਜੀ ਹੁਰਾਂ ਦਾ ਬਹੁਤ ਵੱਡਾ ਹੱਥ ਹੈ। ਮੈ ਉਸ ਵੇਲੇ ਇੰਡੀਅਨ ਐਕਸਪ੍ਰੈਸ ਲਈ ਕੰਮ ਕਰਦਾ ਸੀ, ਉਹ ਟ੍ਰਿਬਿਊਨ ਲਈ ਕਰਦੇ ਸੀ.....ਉਹ ਮੈਥੋਂ ਕਾਫੀ ਵੱਡੇ ਸੀ ਉਨ•ਾਂ ਦਿਨਾਂ ਵਿੱਚ ਵੀ ਤੇ ਅਸੀਂ ਸਾਰੇ ਬੜਾ ਸਤਿਕਾਰ ਕਰਦੇ ਸੀ ਉਨ•ਾਂ ਦਾ। ਉਹ ਵੀ ਪਹਿਲਾਂ ਖੱਬੇ ਪੱਖੀ ਵਿਚਾਰਧਾਰਾ ਨਾਲ ਰਹੇ, ਉਨ•ਾਂ ਕੋਲ ਖਾਸ ਕਿਸਮ ਦਾ ਨਜ਼ਰੀਆ ਵਖਰੇਵਾਂ ਕਰਨ ਦਾ ਵਿਕਸਿਤ ਹੋਇਆ। ਉਹ ਬਹਤੁ ਸੁਹਣੇ ਤਰੀਕੇ ਨਾਲ ਸਾਰੀ ਗੱਲਬਾਤ ਦਾ ਵਖਰੇਵਾਂ ਕਰਕੇ ਦਸਦੇ ਰਹਿੰਦੇ ਤੇ ਉਨ•ਾਂ ਬਠਿੰਡੇ ਵਿੱਚ ਹੀ ਮੇਰੀ ਵਿਚਾਰ ਭੂਮੀ ਤਿਆਰ ਕਰ ਦਿੱਤੀ ਸੀ ਕਿ ਆਹ ਗੱਲਬਾਤ ਹੈ ਸਾਰੀ.....ਪਹਿਲਾਂ ਸੰਤਾਂ ਦਾ ਨਾਂ ਸੁਣਨ ਨੂੰ ਤਿਆਰ ਨਹੀਂ ਸੀ ਪਰ ਫਿਰ ਜਦੋਂ ਉਨਾਂ ਦੀ ਸੰਗਤ 6-7 ਮਹੀਨੇ ਰਹੀ ਬਠਿੰਡੇ ਵਿੱਚ ਉਸ ਤੋਂ ਕਾਫੀ ਸਪੱਸ਼ਟ ਹੋਇਆ। ਸਿਆਸੀ ਤੌਰ ਤੇ ਵੀ ਉਹ ਬੜੇ ਮਾਹਿਰ ਸਨ।

ਸਵਾਲ: ਧਰਮ ਯੁੱਧ ਮੋਰਚੇ ਪ੍ਰਤੀ ਖੱਬੇ ਪੱਖੀ ਆਗੂ ਦਾ ਕੀ ਰਵੱਈਆ ਸੀ?
ਜਵਾਬ: ਇੱਥੇ ਦੇਖੋ ਇਕ ਸੀ.ਪੀ.ਆਈ. ਦਾ ਨੇਤਾ ਸਤਪਾਲ ਡਾਂਗ ਹੁੰਦਾ ਸੀ, ਅਸਲ ਵਿੱਚ ਮੈਂ ਉਸਨੂੰ ਆਰੀਆ ਸਮਾਜੀ ਸਮਝਦਾ ਸੀ, ਹੁਣ ਵੀ। ਹਰੇਕ ਪ੍ਰੈਸ ਵਾਲੇ ਨੇ ਆ ਕੇ, ਇਥੋਂ ਵਾਲੇ ਤੇ ਦਿੱਲੀ ਵਾਲੇ ਨੇ ਉਸ ਨੂੰ ਇੰਟਰਵਿਊ ਕਰਨਾ, ਉਹਦੇ ਬਿਆਨ ਲੈਣੇ, ਉਸ ਨੂੰ ਫਿਰ ਸਰਕਾਰ ਨੇ ਸਕਿਉਰਿਟੀ ਦੇ ਦਿੱਤੀ ਸੀ। ਉਸ ਨੇ ਹਮੇਸ਼ਾਂ ਦੇਸ਼ ਦੀ ਏਕਤਾ, ਅਖੰਡਤਾ ਦੇ ਮਦੇਨਜ਼ਰ ਤੋਂ ਉਸਨੇ ਬੋਲਣਾ। ਮੈਨੂੰ ਹਮੇਸ਼ਾ ਲਗਦਾ ਕਿ ਇਹ ਕਿਹੜਾ ਨਜ਼ਰੀਆ ਹੋਇਆ। ਪਹਿਲਾਂ ਉਹ ਤੇ ਭਾਜੀ ਦਲਬੀਰ ਸਿੰਘ ਇਕੱਠੇ ਕੰਮ ਕਰਦੇ ਰਹੇ ਸਨ। ਭਾਜੀ ਵੀ ਹੱਟ ਗਏ ਸੀ ਮਿਲਣਾ ਉਹਨੂੰ। ਡਾਂਗ ਨੇ ਕਹਿਣਾ ਕਿ ਦਲਬੀਰ ਬਦਲ ਗਿਆ, ਆਹ ਹੋ ਗਿਆ। ਮੈਂ ਇਕ ਵਾਰ ਉਸ ਨੂੰ ਮਿਲਿਆ ਸੀ, ਬਾਅਦ ਵਿੱਚ ਮਿਲਿਆ ਨਹੀਂ ਕਦੇ ਉਸ ਨੂੰ, ਕਦੇ ਰਿਪੋਰਟ ਨਹੀਂ ਕੀਤੀ ਪਰ ਪ੍ਰੈਸ ਵਾਲੇ ਸਾਰੇ ਆ ਕੇ ਉਸਨੂੰ ਮਿਲਦੇ। ਉਨ•ਾਂ ਦਾ ਨਜ਼ਰੀਆ ਤਕਰੀਬਨ ਉਸ ਵੇਲੇ ਰਾਜ ਕਰਦੀ ਕਾਂਗਰਸ ਪਾਰਟੀ ਨਾਲ ਜੁੜਿਆ ਹੁੰਦਾ ਸੀ। ਉਹ ਸਿੱਖ ਲਹਿਰ ਨੂੰ ਇਹੋ ਕਹਿੰਦੇ ਕਿ ਇਹ ਦੇਸ਼ ਨੂੰ ਤੋੜਨ ਦੀ ਲਹਿਰ ਹੈ।

ਸਵਾਲ: ਤੇ ਨਕਸਲਬਾੜੀ ਲਹਿਰ ਨਾਲ ਜੁੜੇ ਆਗੂਆਂ ਦਾ......?
ਜਵਾਬ: ਨਕਸਲਬਾੜੀ ਲਹਿਰ ਬਾਰੇ ਦੋ ਗੱਲਾਂ - ਇਕ ਮੈਂ ਬਲਦੇਵ ਵਾਲੀ ਗੱਲ ਦਾ ਜਿਕਰ ਕਰਨਾ ਚਾਹੁੰਦਾ ਹਾਂ। ਕਾਮਰੇਡ ਬਲਦੇਵ ਸਿੰਘ ਜਿਹੜਾ ਅੰਮ੍ਰਿਤਸਰ ਵਿੱਚ ਮਾਰਿਆ ਗਿਆ ਸੀ, ਪਿੰਡ ਉਹਦਾ ਨੇੜੇ ਸੀ। ਉਹ ਨਿੱਜੀ ਵਿਰੋਧ ਵਿੱਚ ਮਾਰਿਆ ਗਿਆ ਸੀ ਪਿੰਡ ਦੇ ਵਿੱਚ.....ਜਦੋਂ ਮਾਰਿਆ ਗਿਆ, ਉਸ ਤੋਂ ਪਿਛੋਂ ਕੁਲਦੀਪ ਧਾਲੀਵਾਲ ਮੇਰੇ ਕੋਲ ਆਇਆ। ਉਦੋ ਉਹ ਵੀ ਸੀ.ਪੀ.ਆਈ. (ਐਮ.ਐਲ) ਦੇ ਨਾਲ ਸੀ। ਉਸਨੇ ਮੈਨੂੰ ਅੰਮ੍ਰਿਤਸਰ ਆ ਕੇ ਕਿਹਾ ਕਿ ਆਹ ਗੱਲ ਹੋਈ ਏ.....ਅਸੀਂ ਪਤਾ ਵਗੈਰਾ ਕੀਤਾ......ਸਾਨੂੰ ਪਤਾ ਸੀ ਕਿ ਇਹ ਆਪਸੀ ਤਕਰਾਰ ਵਿੱਚ ਹੋਇਆ ਸਭ ਕੁੱਝ। ਬਲਦੇਵ ਪਹਿਲਾਂ ਮੇਰੇ ਕੋਲ ਵੀ ਆਉਂਦਾ ਹੁੰਦਾ ਸੀ, ਉਹੀ ਬੰਦਾ ਸੀ.ਪੀ.ਆਈ. (ਐਮ.ਐਲ) ਦਾ ਵੱਡਾ ਆਗੂ ਸੀ, ਮਾਰਿਆ ਗਿਆ। ਤੇ ਸਾਨੂੰ ਪਤਾ ਲੱਗਾ ਕਿ ਉਸ ਨੂੰ ਕਿਸੇ ਖਾੜਕੂ ਗਰੁੱਪ ਜਾਂ ਫੈਡਰੇਸ਼ਨ ਨੇ ਨਹੀਂ ਮਰਵਾਇਆ, ਉਸਦੀ ਆਪਸੀ ਰੰਜਿਸ਼ ਕਾਰਨ ਸਭ ਕੁਝ ਹੋਇਆ। ਇਹ ਵੀ ਫੈਸਲਾ ਹੋ ਗਿਆ ਕਿ ਆਪਾਂ ਇਸ ਗੱਲ ਨੂੰ ਇਥੇ ਹੀ ਦੱਬ ਦੇਣਾ, ਹੁਣ ਅਗਾਂਹ ਨੀ ਗੱਲ ਕਰਨੀ। ਪਤਾ ਨਹੀਂ ਕਿਹੜਾ ਆਇਆ, ਉਸਨੇ ਚੰਡੀਗੜ• ਜਾ ਕੇ ਪ੍ਰੈਸ ਕਾਨਫਰੰਸ ਕਰ ਲਈ, ਉਥੇ ਨਾਅਰਾ ਲਾ ਦਿੱਤਾ ਗਿਆ ਕਿ ‘ਨਚ;;ਕਵ ਰਿਗ ਨਚ;;ਕਵ’। (ਗੋਲੀ ਬਦਲੇ ਗੋਲੀ)। ਮੈਂ ਸਮਝਦਾ ਕਿ ਉਦੋਂ ਦੇ ਨਕਸਲੀ ਗਰੁੱਪ ਸੀ.ਪੀ.ਆਈ (ਐਮ.ਐਲ) ਦੇ ਜੋ ਕਾਮਰੇਡ ਸੀ ਉਹ ਟਰੈਪ ਵਿੱਚ ਆ ਗਏ, ਸਰਕਾਰ ਦੇ ਜਾਲ ਵਿੱਚ ਫਸ ਗਏ। ਉਸਨੇ ਫਿਰ ਉਨ•ਾਂ ਦੇ ਕਈ ਬੰਦਿਆਂ ਨੂੰ ਬੰਦੂਕਾਂ ਵੀ ਦੇ ਦਿੱਤੀਆਂ। ਪਰ ਇਹ ਸੀ.ਪੀ.ਆਈ. (ਐਮ.ਐਲ) ਦਾ ਇਕ ਗਰੁੱਪ ਸੀ, ਸਾਰੇ ਗਰੁੱਪ ਨਹੀਂ ਸੀ। ਉਸ ਗਰੁੱਪ ਦਾ ਰੋਲ ਬੜਾ ਮਾੜਾ ਰਿਹਾ। ਤੇ ਭਾਵੇਂ ਬੇਸ਼ਕ ਸਿੱਧੀ ਲੜਾਈ ਇਨ•ਾਂ ਦੇ ਇਕ-ਅੱਧੇ ਬੰਦੇ ਦੀ ਹੋਈ ਆ ਪਰ ਉਨਾਂ ਨੇ ਵਿਚਾਰ ਬਣਾਉਣ ਦੇ ਵਿੱਚ ਥੋੜਾ ਜਿਹਾ ਗਲਤ ਅਸਰ ਪਾ ਕੇ ਸਟੇਟ ਦੀ ਮਦਦ ਕੀਤੀ ਇਸ ਤਰੀਕੇ ਨਾਲ ।

ਸਵਾਲ: ਨਕਸਲਬਾੜੀ ਲਹਿਰ ਜੋ ਕਿ ਹਥਿਆਰਬੰਦ ਲਹਿਰ ਸੀ, ਬਾਰੇ ਮੀਡੀਆ ਦੀ ਕੀ ਪ੍ਰੋਜੈਕਸ਼ਨ ਸੀ ਉਸ ਵਕਤ?
ਜਵਾਬ: ਦੇਖੋ ਨਕਸਲਬਾੜੀ ਲਹਿਰ ਬਾਰੇ ਮੀਡੀਆ ਦੀ ਜੋ ਪ੍ਰੋਜੈਕਸ਼ਨ ਹੈ- ਨਕਸਲਬਾੜੀ ਲਹਿਰ ਦਾ ਭਾਰਤੀ ਮੀਡੀਆ ਨੇ ਤਾਂ ਵਿਰੋਧ ਕੀਤਾ ਹੀ ਕੀਤਾ ਹੈ ਕਿਉਂਕਿ ਇਹ ਜਿਹੜਾ ਮੀਡੀਆ ਹੈ, ਸਾਰਾ ਪੂੰਜੀਵਾਦੀ ਜਾਂ ਸਰਮਾਏਦਾਰੀ ਦਾ ਮੀਡੀਆ। ਇਸ ਦਾ ਪੈਂਤੜਾ ਇਹੀ ਰਿਹਾ ਕਿ ਬਿਜਨਸ ਚਲਾਉਣਾ ਤੇ ਨਾਲ ਹੀ ਸੂਚਨਾ ਨੂੰ ਆਪਣੇ ਕਾਬੂ ਵਿੱਚ ਲਿਆਉਂਣਾ। ਉਸ ਸੂਚਨਾ ਦੇ ਸੰਚਾਲਨ ਲਈ ਸਰਕਾਰ ਵੀ ਮਦਦ ਦਿੰਦੀ ਸੀ।
ਮੁਕਦੀ ਗੱਲ ਤਾਂ ਇਹ ਹੈ ਕਿ ਮੀਡੀਆ ਹੀ ਜਦੋਂ ਪੂੰਜੀਪਤੀਆਂ ਦਾ, ਇਹ ਕਿਵੇਂ ਨਕਸਲਬਾੜੀਆਂ ਦੀ ਮਦਦ ਕਰੇਗਾ, ਪੂੰਜੀਪਤੀਆਂ ਵਿਰੁੱਧ ਤਾਂ ਉਹ ਲੜਦੇ ਆ। ਹੁਣ ਜੇ ਤੁਸੀਂ ਅੱਜ ਦੀ ਤਰੀਖ ਵਿੱਚ ਜੇ ਤੁਸੀਂ ਇੰਗਲਿਸ਼ ਟ੍ਰਿਬਿਊਨ ਦੇਖੋ ਤਾਂ ਉਸ ਦੇ ਵਿੱਚ 8 ਕਾਲਮ ਦੇ ਬੈਨਰ ਹੈਡਲਾਈਨ ਹੈ, ਕਿ ਪਹਿਲੇ ਪੜਾਅ ਦੀਆਂ ਵੋਟਾਂ ਪਈਆਂ 124 ਸੀਟਾਂ ਲਈ 15 ਸਟੇਟਾਂ ਵਿੱਚ, ਇਨ•ਾਂ ਵਿਚੋਂ 3 ਸਟੇਟਾਂ ਵਿੱਚ ਘਟਨਾਵਾਂ ਵਾਪਰੀਆਂ ਹਨ, ਇਕ ਤਾਂ ਝਾਰਖੰਡ, ਛਤੀਸਗੜ ਤੇ ਬਿਹਾਰ ਵਿੱਚ ਤੇ ਕੁੱਲ 18-19 ਬੰਦੇ ਮਾਰੇ ਗਏ, ਉਸਨੂੰ ਮੀਡੀਆ ਨੇ ਇਉਂ ਪੇਸ਼ ਕੀਤਾ ਜਿਵੇਂ ਬਹੁਤ ਹੀ ਵੱਡੀ ਗੱਲ ਹੋ ਗਈ ਹੋਵੇ ਜਿਹੜੀ ਅੱਜ ਤੱਕ ਕਿਸੇ ਨੇ ਸੁਣੀ ਨਾ ਹੋਵੇ। ਕਿਉਂਕਿ ਉਸ ਨੂੰ ਦਹਿਸ਼ਤ ਦੇ ਰੂਪ ਵਿੱਚ ਇਹ ਸਾਰਾ ਕੁਝ ਪੇਸ਼ ਕਰਨਾ ਚਾਹੁੰਦੇ ਆ। ਜਿਹੜੀ ਨਾ-ਬਰਾਬਰੀ ਹੈ......ਆਰਥਿਕਤ ਪੱਧਰ ਤੇ.... ਉਸਦੇ ਵਿਚੋਂ ਸਮੱਸਿਆ ਕਿਤੇ ਤੇਜੀ ਨਾਲ ਨਿਕਲ ਆਉਂਦੀ ਹੈ ਕਿਤੇ ਨਹੀਂ ਹੈ ਤੇ ਉਸ ਕਿਸਮ ਦੀ ਨਕਸਲਬਾੜੀ ਸਮੱਸਿਆ ਹੈ। ਨਕਸਲਬਾੜੀ ਸਮੱਸਿਆ ਨੂੰ ਉਦੋਂ ਵੀ ਇਹਨਾਂ ਨੇ ਬਹੁਤ ਭੈੜੇ ਤਰੀਕੇ ਨਾਲ ਲਿਆ ਸੀ, ਅੱਜ ਵੀ ਕਰਨਗੇ।

ਸਵਾਲ: ਦਰਬਾਰ ਸਾਹਿਬ ਆਉਣ ਤੋਂ ਪਹਿਲਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਬਾਰੇ ਤੁਹਾਡੇ ਕੀ ਵਿਚਾਰ ਸਨ?
ਜਵਾਬ: ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਬਾਰੇ ਮੇਰੇ ਵਿਚਾਰ ਚੰਗੇ ਨਹੀਂ ਸੀ ਪਹਿਲਾਂ। ਅਸੀਂ ਇੰਝ ਲੈਂਦੇ ਸੀ ਕਿ ਕੋਈ ਸੰਤ ਪ੍ਰਚਾਰ ਕਰ ਰਿਹਾ ਜਿਵੇਂ ਪ੍ਰਚਾਰ ਕਰਦੇ ਹੁੰਦੇ ਸੀ। ਉਸ ਦੀ ਬਹੁਤ ਚੜਤ ਹੈ। ਪਰ ਮੇਰੇ ਸਹਾਨੂਭੂਤੀ ਜਾ ਹਮਦਰਦੀ ਵਾਲੇ ਕਿਸੇ ਕਿਸਮ ਦੇ ਵਿਚਾਰ ਨਹੀਂ ਸੀ, ਦਲਬੀਰ ਸਿੰਘ ਆਉਣ ਤੋਂ ਪਹਿਲਾਂ। ਦਲਬੀਰ ਸਿੰਘ ਦੇ ਆਉਣ ਨਾਲ ਮੇਰੇ ਦਰਬਾਰ ਸਾਹਿਬ ਜਾਣ ਤੋਂ ਪਹਿਲਾਂ ਵੀ ਮੇਰੇ ਵਿਚਾਰ ਹਾਂ-ਪੱਖੀ ਹੋ ਗਏ ਸੀ, ਕਾਫੀ ਹੱਦ ਤੱਕ। ਮੈਂ ਉਹਨਾਂ ਨੂੰ ਥੋੜਾ ਜਿਹਾ ਹਾਂ-ਪੱਖੀ ਨਜਰੀਏ ਤੋਂ ਦੇਖਣਾ ਸ਼ੁਰੂ ਕਰ ਦਿੱਤਾ ਸੀ। ਦਰਬਾਰ ਸਾਹਿਬ ਜਾ ਕੇ ਮੈਂ ਫਿਰ ਤੇਜੀ ਨਾਲ ਉਨ•ਾਂ ਦਾ ਸਾਰੀ ਗਲਬਾਤ ਚੋਂ ਦੇਖਿਆ ਕਿ ਇਹ ਲਹਿਰ ਜਿਹੜੀ ਇਕ ਭਾਰਤੀ ਸਟੇਟ ਦੇ ਹਿੰਦੂ-ਰਾਸ਼ਟਰ ਦੇ ਸੰਕਲਪ ਨੂੰ ਬਹੁਤ ਵੱਡੀ ਚੁਣੌਤੀ ਹੈ, ਰਾਜਸੀ ਚੁਣੌਤੀ ਹੈ ਜਿਸਨੂੰ ਭਾਰਤੀ ਸਟੇਟ ਝੱਲ ਨਹੀਂ ਰਹੀ, ਇਸ ਦੇ ਵਿਰੋਧ ਨੂੰ ਉਹ ਕੁਚਲਣਾ ਚਾਹੁੰਦੀ ਹੈ। ਮੁੱਢਲੇ ਰੂਪ ਵਿੱਚ ਉਸਨੂੰ ਇਹ ਲਗਦਾ ਸੀ ਕਿ ਭਾਰਤੀ ਸਟੇਟ ਲਈ ਖਤਰੇ ਦੀ ਘੰਟੀ ਹੈ ਇਹ।

ਸਵਾਲ: ਤੁਹਾਨੂੰ ਲਗਦਾ ਸੀ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਇੱਕ ਵੱਡਾ ਇਤਿਹਾਸ ਸਿਰਜਣਗੇ?
ਜਵਾਬ: ਕਾਫੀ ਹੱਦ ਤੱਕ ਲਗਣ ਲਗ ਪਿਆ ਸੀ, ਮੈਂ ਜਦੋਂ ਗਿਆ, 1983 ਦੇ ਅਖੀਰ ਤਕ ਉਹਨਾਂ ਦੀ ਸਖਸ਼ੀਅਤ, ਕੱਦ ਬੁੱਤ, ਉਹਨਾਂ ਦੀ ਪਹੁੰਚ ਬਹੁਤ ਵੱਧ ਗਈ ਸੀ ਤੇ ਸੰਤਾਂ ਦਾ ਪ੍ਰਭਾਵ, ਸੰਤਾਂ ਦੀ ਪਕੜ ਉਸ ਸਮੇਂ ਵੱਧ ਗਈ ਸੀ।

ਸਵਾਲ: ਆਪ ਸੰਤ ਜਰਨੈਲ ਸਿੰਘ ਜੀ ਦੀ ਸਖਸ਼ੀਅਤ ਨੂੰ ਕਿਵੇਂ ਲੈਂਦੇ ਸੀ?
ਜਵਾਬ: ਦੇਖੋ ਸੰਤਾਂ ਵਿੱਚ ਇਕ ਗੱਲ ਦੂਜੇ ਅਕਾਲੀ ਦਲ ਤੋਂ ਵੱਖਰੀ ਸੀ..... ਸੰਤ ਕਈ ਵਾਰੀ ਵਾਰੀ ਸਟੇਜ ਤੇ ਕਹਿੰਦੇ ਹੁੰਦੇ ਸੀ ਕਿ ਤੁਹਾਨੂੰ ਧੋਖਾ ਦੇ ਕੇ ਵਿਚੋਂ ਨਹੀਂ ਛੱਡਾਂਗੇ। ਇਕ ਪਹਿਲਾਂ ਅਕਾਲੀ ਦਲ ਵਿੱਚ ਖਾਸ ਕਰਕੇ ਰਿਹਾ ਕਿ ਜਿਹੜੇ ਬੰਦੇ ਸਿਆਸੀ ਤੌਰ ਤੇ ਆਪਣਾ ਫਾਇਦਾ ਲੈਣ ਦੇ ਲਈ ਸਮਝੌਤੇ ਸਿਰੇ ਤੇ ਜਾ ਕੇ ਕਰਦੇ ਰਹੇ ਤੇ ਇਹ ਪੰਜਾਬੀ ਸੂਬਾ ਲਹਿਰ ਵਿੱਚ ਬਹੁਤ ਵਾਰੀ ਹੋੲਆ..... ਸੰਤ ਫਤਹਿ ਸਿੰਘ ਨੇ ਵੀ ਇੰਜ ਕੀਤਾ......ਮਾਸਟਰ ਤਾਰਾ ਸਿੰਘ ਨੇ ਵੀ। ਸੰਤ ਇਨ•ਾਂ ਦੇ ਨਾਂ ਲਏ ਬਿਨਾ ਕਹਿੰਦੇ ਹੁੰਦੇ ਸੀ ਕਿ ਅਸੀਂ ਹੁਣ ਜਿਹੜੀ ਲੜਾਈ ਹੈ, ਉਸਨੂੰ ਸਿਰੇ ਲਾ ਕੇ ਛੱਡਾਂਗੇ, ਵਿਚਾਲੇ ਨਹੀਂ ਛੱਡ ਕੇ ਜਾਵਾਂਗੇ। ਤੇ ਉਹਨਾਂ ਦੀ ਇਹ ਵਚਨਬੱਧਤਾ ਸੀ.....ਉਹ ਝਲਕਦੀ ਵੀ ਸੀ.....ਗੱਲ-ਗੱਲ ਤੋਂ ਤੇ ਉਨ•ਾਂ ਦਾ ਈਮਾਨਦਾਰ ਰਹਿਣਾ। ਅਸੀਂ ਉਦੋਂ ਹੀ ਕਹਿਣ ਲਗ ਪਏ ਸੀ ਕਿ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਜੋ ਕੋਈ ਵੱਡੀ ਸਖਸ਼ੀਅਤ ਸਿੱਖਾਂ ਨੂੰ ਮਿਲੀ ਏ ਤਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਹਨ।

ਸਵਾਲ: ਯੂ.ਐਨ.ਆਈ. ਦਾ ਤੁਹਾਡੇ ਪ੍ਰਤੀ ਕੀ ਵਤੀਰਾ ਰਿਹਾ ਜਦੋਂ ਉਸਨੂੰ ਪਤਾ ਲੱਗਾ ਕਿ ਤੁਸੀਂ ਬਾਕੀ ਪ੍ਰੈਸ ਨਾਲੋਂ ਹੱਟ ਕੇ ਕੰਮ ਕਰਦੇ ਹੋ?
ਜਵਾਬ: ਯੂ.ਐਨ.ਆਈ. ਵਾਲੇ ਵੈਸੇ ਕਾਫੀ ਤੰਗ ਕਰਦੇ ਰਹੇ। ਪਹਿਲੀ ਗੱਲ, ਮੇਰੀ ਕੋਸ਼ਿਸ਼ ਹੁੰਦੀ ਸੀ ਕਿ ਮੈਂ ਲਿਖਣ ਵੇਲੇ ਜਿਹੜੀ ਰਿਪੋਰਟਿੰਗ ਕਰਦਾ ਸੀ, ਉਹ ਕਾਫੀ ਹੱਦ ਤੱਕ ਠੀਕ ਕਰਨ ਦੀ ਕੋਸ਼ਿਸ਼ ਕਰਦਾ ਸੀ। ਠੀਕ ਇਸ ਤਰ•ਾਂ ਹੁੰਦੀ ਸੀ ਕਿ ਸਿੱਖਾਂ ਦੇ ਪਾਸੇ ਤੋਂ ਗਲਤ ਤਾਂ ਹੁੰਦੀ ਨਹੀਂ ਸੀ, ਅਸਲ ਵਿੱਚ ਸੰਤ ਲੋਂਗੋਵਾਲ ਤੇ ਸਰਕਾਰ ਗਲਤ ਲਿਖਵਾਉਂਦੀ ਹੁੰਦੀ ਸੀ। ਜਿਹੜੇ ਪੱਤਰਕਾਰਾਂ ਉ¤ਤੇ ਹਮਲੇ ਹੋਏ ਆ, ਉਨ•ਾਂ ਤੋਂ ਸਰਕਾਰ, ਪੁਲਿਸ ਜਾਂ ਏਜੰਸੀਆਂ ਗਲਤ-ਮਲਤ ਗੱਲਾਂ ਲਿਖਵਾਉਂਦੇ ਰਹਿੰਦੇ ਸੀ। ਜਿਹੜੇ ਪੱਤਰਕਾਰ ਇਹ ਸਭ ਕੁੱਝ ਲਿਖਦੇ ਸੀ, ਉਹ ਫਸਦੇ ਸੀ ਤੇ ਮੈਂ ਲਿਖਦਾ ਨਹੀਂ ਸੀ। ਇਹ ਕਿਹਾ ਜਾਂਦਾ ਸੀ ਕਿ ਪ੍ਰੈਸ ਵਾਲਿਆਂ ਨਾਲ ਬਹੁਤ ਬੁਰਾ ਸਲੂਕ ਹੁੰਦਾ, ਡਰ ਕੇ ਕੰਮ ਚਲਦਾ ਸੀ ਤੇ ਮੈਨੂੰ ਨਹੀਂ ਕੋਈ ਡਰ ਦੇ ਪੱਧਰ ’ਤੇ ਲਗਿਆ.....ਡਰ ਕਾਹਦਾ ਕਿ ਜੇ ਤੁਸੀਂ ਗਲਤ ਕੰਮ ਨਹੀਂ ਕਰਨਾ। ਮੈਂ ਕਹਿੰਦਾ ਹੁੰਦਾ ਸੀ ਕਿ ਜੇ ਤੁਸੀਂ ਕੰਮ ਹੀ ਗਲਤ ਕਰੋਗੇ, ਪ੍ਰੈਸ ਵਾਲਾ ਕੰਮ ਛੱਡ ਕੇ ਪੁਲਸ ਵਾਲਾ, ਇੰਟੈਲੀਜੈਂਸ ਏਜੰਸੀਆਂ ਵਾਲਾ, ਮੁਖਬਰੀ ਵਾਲਾ ਤੇ ਹੋਰ ਇਹੋ ਜਿਹਾ ਕਰੋਗੇ ਤਾਂ ਤੁਹਾਨੂੰ ਇਹੋ ਜਿਹਾ ਪੰਗਾ ਪਵੇਗਾ ਹੀ ਪਵੇਗਾ। ਤੁਸੀਂ ਇਸ ਪਰਦੇ ਥੱਲੇ ਜਿਆਦਾ ਦੇਰ ਤੱਕ ਕੰਮ ਨਹੀਂ ਕਰ ਸਕਦੇ। ਬੁਰਕਾ ਤੁਸੀਂ ਪੱਤਰਕਾਰੀ ਦਾ ਪਾ ਕੇ, ਕੰਮ ਦੂਜਾ ਕਰਨਾ।
ਮੈਨੂੰ ਇਹ ਹਮੇਸ਼ਾ ਰਿਹਾ ਕਿ ਮੈਨੂੰ ਸਟੇਟ ਵਲੋਂ ਜਾਂ ਪੁਲਿਸ ਵਲੋਂ ਇਹੋ ਜਿਹੀ ਪਰੇਸ਼ਾਨੀ ਵਾਲੀ ਗੱਲ ਹੋ ਸਕਦੀ ਆ ਤੇ ਉਹ ਹੋਣ ਦੀਆਂ ਸੰਭਾਵਨਾਵਾਂ ਵੀ ਰਹੀਆਂ, ਦੋ-ਚਾਰ ਸੰਭਾਵਨਾਵਾਂ ਬਣੀਆਂ ਵੀ। ਉਸ ਦੇ ਵਿੱਚੋਂ ਇਕ ਸੰਭਾਵਨਾ ਤਾਂ ਇਹ ਰਹੀ ਕਿ ਸ੍ਰੀ ਦਰਬਾਰ ਸਾਹਿਬ ਤੇ ਹਮਲੇ ਤੋਂ ਪਿਛੋਂ ਜੇ ਮੇਰੇ ਤੇ ਪੁਲਿਸ ਦਾ ਰੇਡ ਹੋਇਆ ਤਾਂ ਕਿਸੇ ਪ੍ਰੈਸ ਨੇ ਮੇਰਾ ਸਾਥ ਨਹੀਂ ਦਿੱਤਾ। ਫਿਰ ਉਥੇ ਜਨਰਲ ਗੌਰੀ ਸ਼ੰਕਰ ਸੀ.....ਉਦੋਂ ਮੈਂ ਇਕ ਖਬਰ ਭੇਜੀ ਸੀ, ਉਹਦੇ ਤੇ ਉਹ ਬੜਾ ਔਖਾ ਹੋਇਆ ਤੇ ਕੇ.ਪੀ.ਐਸ. ਗਿੱਲ ਤਾਂ ਛੋਟਾ ਸੀ.....ਡੀ.ਆਈ.ਜੀ......ਇਹ ਬੈਠਾ ਸੀ। ਉਦੋਂ ਇਹਨਾਂ ਨੇ ਮੈਨੂੰ ਲਿਆਂਦਾ, ਇਕ ਬੰਦਾ ਪੱਤਰਕਾਰ ਨਹੀਂ ਆਇਆ ਮੇਰੇ ਨਾਲ। ਤੀਜੀ ਘਟਨਾ ਸੀ ਜਦੋਂ ਭਾਰਤੀ ਫੌਜ ਦੇ ਸ਼ਰਾਬੀ ਫੋਜੀਆਂ ਨੇ ਨੇੜੇ ਦੇ ਪਿੰਡ ਇਕ ਪਾਣੀ ਲਾਉਂਦੇ ਲੜਕੇ ਦੇ ਕੇਸ ਕੱਟ ਦਿੱਤੇ ਸਨ, ਉਸ ਦੇ ਕਿਸੇ ਰਿਸ਼ਤੇਦਾਰ ਨੇ ਪੁਲਿਸ ਕੋਲ ਐਫ.ਆਈ.ਆਰ. ਦਰਜ ਕਰਵਾ ਦਿੱਤੀ। ਉਹ ਐਫ.ਆਈ.ਆਰ ਦੀ ਮੈਂ ਖਬਰ ਬਣਾ ਦਿੱਤੀ। ਸਦਰ ਥਾਣੇ ਵਿੱਚ ਐਫ.ਆਈ.ਆਰ ਦਰਜ ਕਰਵਾਈ ਸੀ। ਇਸ ਦੀ ਖਬਰ ਇੰਗਲਿਸ਼ ਟ੍ਰਿਬਿਊਨ ਨੇ ਮੁੱਖ ਪੰਨੇ ਤੇ ਛੋਟੀ ਜਿਹੀ ਲਗਾ ਦਿੱਤੀ ਤਾਂ ਆਰਮੀ ਵਾਲੇ ਬਹਤੁ ਔਖੇ ਹੋਏ ਤੇ ਮੈਨੂੰ ਬਹਾਨੇ ਨਾਲ ਮੈਨੂੰ ਦਫਤਰ ਚੋਂ ਲੈ ਗਏ ਚੱਕ ਕੇ ਤੇ ਉਸ ਮੌਕੇ ਦਿਲੀਓਂ ਇਕ ਪੱਤਰਕਾਰੀ ਯੂ.ਐਨ.ਆਈ. ਵਲੋਂ ਆਇਆ ਹੋਇਆ ਸੀ ਜਿਹੜਾ ਬੰਗਾਲੀ ਸੀ ਮੇਰੇ ਨਾਲ ਮਦਦ ਲਈ। ਯੂ.ਐਨ.ਆਈ. ਨੇ ਭੇਜਿਆ ਸੀ ਦਫਤਰ ਤੋਂ। ਉਹ ਕਹਿੰਦਾ ਚਲੋ ਮੈਂ ਵੀ ਤੁਹਾਡੇ ਨਾਲ ਚਲਦਾਂ, ਉਸਨੂੰ ਇਹ ਸੀ ਮੈਂ ਆਰਮੀ ਦਾ ਕੰਟੋਨਮੈਂਟ ਦੇਖ ਲਵਾਂਗਾ। ਉਥੇ ਜਾ ਕੇ ਆਰਮੀ ਇੰਟੀਲੈਜੈਂਸ ਦਾ ਬੰਦਾ ਸੀ, ਉਹ ਬੜਾ ਔਖਾ ਹੋਇਆ, ਬਹੁਤ ਕੁਝ ਉਲਟਾ-ਸਿੱਧਾ ਬੋਲਿਆ ਤੇ ਫਿਰ ਉਹ ਕੁਦਰਤੀ ਜਿਹੜਾ ਬੰਗਾਲੀ ਪੱਤਰਕਾਰ ਸੀ, ਉਸਨੇ ਕਿਹਾ ਕਿ ਜੇ ਤੁਹਾਨੂੰ ਕੋਈ ਸਮੱਸਿਆ ਹੈ ਤਾਂ ਮੈ ਠੀਕ ਕਰ ਦਿੰਦਾ ਹਾਂ, ਮੈਂ ਹੈਡ ਆਫਿਸ ਤੋਂ ਆਇਆਂ। ਉਹ ਉਹਦੇ ਨਾਲ ਗੱਲ ਕਰਨ ਲੱਗ ਪਏ। ਚਲੋ ਇਸ ਨਾਲ ਸਥਿਤੀ ਥੋੜੀ ਜਿਹੀ ਹੱਲ ਹੋ ਗਈ। ਸੋ ਇਹ 3-4 ਵੱਡੇ ਮੌਕੇ ਹੋਏ ਆ ਮੈਂ ਮਨ ਬਣਾ ਲਿਆ ਸੀ ਕਿ ਇਹ ਨਹੀਂ ਕਹਾਉਣਾ ਕਿ ਕਿਸੇ ਖਾੜਕੂ ਸਿੰਘ ਵਲੋਂ ਸਮੱਸਿਆਂ ਆਵੇ, ਜੇ ਇਧਰੋਂ ਸਰਕਾਰ ਵਲੋਂ ਆਉਂਦੀ ਹੈ ਤਾਂ ਆ ਜਾਵੇ। ਇਧਰੋਂ ਖਾੜਕੂਆਂ ਵਲੋਂ ਕਿਸੇ ਕਿਸਮ ਦੀ ਆਈ ਨਹੀਂ।
ਸਵਾਲ: ਮੋਰਚੇ ਦੌਰਾਨ ਅਜਿਹੇ ਸਿੱਖ ਪੱਤਰਕਾਰ ਕਿੰਨੇ ਕੁ ਸਨ ਜਿਹੜੇ ਨਿਰਪੱਖਤਾ ਨਾਲ ਰਿਪੋਰਟਿੰਗ ਕਰਦੇ ਸੀ?
ਜਵਾਬ: ਸਿੱਖ ਪੱਤਰਕਾਰ ਸਿੱਖ ਨਜ਼ਰੀਏ ਤੋਂ ਘੱਟ ਹੀ ਕੰਮ ਕਰਦੇ ਸੀ। ਨਿਰਪੱਖ ਪੱਧਰ ਤੇ ਬਹੁਤ ਘੱਟ ਕੰਮ ਕਰਦੇ ਸੀ। ਅਸਲ ’ਚ ਪੱਤਰਕਾਰੀ ਦੀ ਇੱਕ ਕਿਸਮ ਦੀ ਕੰਡੀਸ਼ਨਿੰਗ ਹੋ ਜਾਂਦੀ ਹੈ, ਖਾਸ ਕਿਸਮ ਦਾ ਰਾਹ ਜਿਹਾ ਬਣ ਜਾਂਦਾ ਹੈ ਜਿਵੇਂ ਪੁਲਿਸ ਵਾਲਾ ਕੋਈ ਅਧਿਕਾਰੀ ਹੈ, ਪੁਲਿਸ ਦੇ ਮਹਿਕਮੇ ਵਿੱਚ ਭਰਤੀ ਹੋ ਗਿਆ, ਤਕਰੀਬਨ ਪੁਲਿਸ ਦਾ ਇਕ ਤੋਰ ਤਰੀਕਾ, ਇਕ ਵਿਵਹਾਰ ਹੈ ਉਸੇ ਨੂੰ ਵਰਤੇਗਾ ਉਹ ਬੇਸ਼ੱਕ ਉਹ ਚਾਹੁੰਦਾ ਹੋਵੇ ਜਾ ਨਾ ਚਾਹੁੰਦਾ ਹੋਵੇ। ਜੇ ਫਰਜ ਕਰੋ ਉਹ ਪੁਲਿਸ ਦੇ ਤੋਰ ਤਰੀਕੇ ਦੇ ਵਿਰੁੱਧ ਜਾਵੇਗਾ ਤਾਂ ਸਮੱਸਿਆ ਆਉਂਦੀ ਰਹਿਣੀ ਹੈ ਜਾਂਤਰੱਕੀ ਨਾ ਹੋਵੇਗੀ। ਇਥੋਂ ਤੱਕ ਉਸਨੂੰ ਕੱਢਣ ਦੀ ਵੀ ਸੰਭਾਵਨਾ ਵੀ ਹੋ ਜਾਵੇਗੀ। ਇਸੇ ਤਰ•ਾਂ ਪ੍ਰੈਸ ਦੇ ਵਿਚ ਵੀ ਬੰਦਿਆ ਦੀ ਖਾਸ ਕਿਸਮ ਦੀ ਕੰਡੀਸ਼ਨਿੰਗ ਕਰ ਦਿੰਦੇ ਕਿ ਤੁਸੀਂ ਇਹ ਕਰਨਾ, ਉਹ ਨਹੀਂ ਕਰਨਾ। ਇਥੇ ਹਰਕ੍ਰਿਸ਼ਨ ਸਿੰਘ ਕਾਹਲੋਂ ਹੁੰਦਾ ਸੀ ਜਿਹੜਾ ਮਰ ਗਿਆ ਜਿਸਦਾ ਮੁੰਡਾ ਵੀ ਮਾਰ ’ਤਾ ਸੀ। ਉਹ ਸਾਨੂੰ ਰੋਜਾਨਾ ਜਾਣਕਾਰੀ ਦਿੰਦਾ ਹੁੰਦਾ ਸੀ ਪ੍ਰੈਸ ਨੂੰ ਕੋਤਵਾਲੀ ਦੇ ਵਿੱਚ। ਉਹ ਐਸ.ਪੀ. (ਸਿਟੀ) ਸੀ। ਉਹਨੇ ਰੋਜ ਸਾਨੂੰ ਦੱਸਣਾ ਕਿ ਫਲਾਣੇ ਤਰਨਤਾਰਨ ਦੇ ਫਲਾਣੇ ਪੁੱਲ ’ਤੇ, ਜੰਡਿਆਲਾ ਗੁਰੂ ਦੇ ਫਲਾਣੀ ਨਹਿਰ ਦੇ ਪੁਲ ਤੇ ਪੁਲਿਸ ਨਾਲ ਮੁਠਭੇੜ ਵਿੱਚ ਇਨੇ ‘ਅੱਤਵਾਦੀ’ ਮਾਰੇ ਗਏ, ਉਹਨਾਂ ਕੋਲੋਂ ਇਨੇ ਹਥਿਆਰ ਫੜੇ ਗਏ ਵਗੈਰਾ। ਇਹ ਉਹਨਾਂ ਦੀ ਮਿੱਥੀ ਭਾਸ਼ਾ ਹੁੰਦੀ ਸੀ। ਅਸੀਂ ਚੁੱਪ ਕਰਕੇ ਸਾਰਾ ਕੁਝ ਲਿੱਖ ਦਿੰਦੇ। ਇਸ ਕਰਕੇ ਉਸ ਦੇ ਬਿਆਨਾਂ ਨੂੰ ਉਸੇ ਤਰ•ਾਂ ਪੇਸ਼ ਕੀਤਾ ਜਾਂਦਾ ਸੀ, ਇਹੀ ਪ੍ਰੈਸ ਦੀ ਇਕ ਖਾਸ ਕਿਸਮ ਦੀ ਕੰਡੀਸ਼ਨਿੰਗ ਕਹਿੰਦੇ ਹਾਂ। ਉਹ ਪ੍ਰੈਸ ਵਿੱਚ ਕੰਮ ਕਰਨ ਵਾਲੇ ਬੰਦਿਆਂ ਦਾ ਮਾਨਸਿਕ ਤੌਰ ਤੇ ਕੰਮ ਕਰਨ ਦਾ ਤੌਰ ਤਰੀਕਾ ਇਸ ਤਰ•ਾਂ ਦਾ ਬਣਾ ਦਿੰਦੇ ਸੀ। ਇਸ ਦੇ ਵਿੱਚ ਬਹੁਤ ਹੀ ਜਿਆਦਾ ਸੋਚਣ ਵਾਲਾ ਜਾਂ ਸੰਵੇਦਨਸ਼ੀਲ ਬੰਦਾ ਉਹ ਸੋਚਦਾ ਸੀ ਆਹ ਸ਼ਬਦ ਗਲਤ ਜਾਂ ਆਹ ਗਲਤ ਹੈ.....ਆਮ ਬੰਦਿਆਂ ਨੂੰ ਤਾਂ ਪਤਾ ਹੀ ਨਹੀਂ ਲਗਦਾ ਸੀ ਪ੍ਰੈਸ ਵਾਲਿਆਂ ਨੂੰ। ਸਾਨੂੰ ਕਈ ਬੰਦਿਆਂ ਨੂੰ ਖੜਕਦੀ ਰਹਿੰਦੀ ਸੀ।
ਪਾਕਿਸਤਾਨ ਦੇ ਇਸਲਾਮਾਬਾਦ ਵਿੱਚ ਰਿਪੋਰਟਰ ਬੀ.ਬੀ.ਸੀ. ਦਾ, ਉਹ ਲਹੌਰ ਤੋਂ ਅੰਮ੍ਰਿਤਸਰ ਆਇਆ ਸੀ। ਉਹ ਮੇਰੇ ਨਾਲ ਗੱਲਾਂ ਬਾਤਾਂ ਕਰਦਾ ਰਿਹਾ ਤੇ ਉਸ ਨੇ ਪਹਿਲੀ ਵਾਰ ‘ਟੈਰੋਰਿਸਟ’ ਲਫਜ਼ ਵਰਤਿਆ। ਇਹ ਅਸੀਂ ਉਥੇ ’84 ’ਚ ਬੈਠੇ ਸੀ ਸਰਕਟ ਹਾਊਸ ’ਚ। ਮੈਂ ਬੜਾ ਹੈਰਾਨ ਹੋਇਆ ‘ਟੈਰੋਰਿਸਟ’ ਲਫਜ਼ ਦੇਖ ਕੇ। ਫਿਰ ਇਹ ਜਿਵੇਂ ਇਹ ਗਰਮ ਖਿਆਲੀਏ, ਆਤੰਕਵਾਦੀ ਜਾਂ ਅੱਤਵਾਦੀ, ਦਹਿਸ਼ਤਗਰਦ ਵਰਤਦੇ ਰਹੇ ਨੇ ਬੁਰੇ ਤਰੀਕੇ ਨਾਲ ਪੇਸ਼ ਕਰਨ ਦੇ ਲਈ। ਸ਼ਬਦਾਂ ਦੀ ਇਹ ਬਹੁਤ ਜਿਆਦਾ ਖੇਡ ਖੇਡਦੇ ਆ।
ਇਸੇ ਕਰਕੇ ਅਸੀਂ ਅਖਬਾਰਾਂ ਨੂੰ ਕਹਿੰਦੇ ਹਾਂ ਕਿ ਇਹ ‘ਮਾਈਂਡ ਮੈਨੇਜਮੈਂਟ ਇੰਡਸਟਰੀ ਹੈ’ ਜਾਂ ਦਿਮਾਗ ਨੂੰ ਕੰਟਰੋਲ ਕਰਨ ਦਾ ਧੰਦਾ ਹੈ।

ਸਵਾਲ: ਸੰਤ ਜਰਨੈਲ ਸਿੰਘ ਨਾਲ ਬਿਤਾਏ ਯਾਦਗਾਰੀ ਪਲਾਂ ਨੂੰ ਸਾਂਝਾ ਕਰਿਓ?
ਜਵਾਬ: ਸੰਤ ਜਰਨੈਲ ਸਿੰਘ ਜਗਦੇਵ ਸਿੰਘ ਤਲਵੰਡੀ ਦੇ ਦਫਤਰ ਦੇ ਪਾਸਿਂਓ ਲੰਘ ਰਹੇ ਸੀ, ਮੈਂ ਖੜਾ ਸੀ ਉ¤ਥੇ ਤੇ ਕਿਸੇ ਨੇ ਮੇਰੀ ਸੰਤਾਂ ਕੋਲ ਜਾਣ ਪਛਾਣ ਕਰਾਈ ਤੇ ਸੰਤ ਮੈਨੂੰ ਮਿਲੇ ਬੜੇ ਖਲੂਸ ਨਾਲ.....ਤੇ ਮੈਨੂੰ ਫਿਰ ਪਰੇ ਲਿਜਾ ਕੇ ਬਿਠਾ ਕੇ ਕਹਿਣ ਲਗੇ ਕਿ ਜੇ ਤੂੰ ਸਾਡਾ ਭਰਾ ਬਣ ਕੇ ਕੰਮ ਕਰੇਂਗਾ ਤਾਂ ਕੋਈ ਸਮੱਸਿਆ ਨਹੀਂ ਇਥੇ ਆਉਣ ’ਤੇ। ਬਸ ਇਹੀ ਸ਼ਬਦ ਸੀ ਉਨ•ਾਂ ਦੇ। ਵੈਸੇ ਇਨ•ਾਂ ਸ਼ਬਦਾਂ ਵਿੱਚ ਉਹ ਆਪਣੀ ਸਾਰੀ ਗਲ ਕਹਿ ਗਏ ਸੀ।
ਇਕ ਵਾਰੀ ਹੋਰ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕਿਰਪਾਲ ਸਿੰਘ ਨੇ ਸੰਤਾਂ ਵਿਰੁੱਧ ਹੁਕਮਨਾਮਾ ਤੇ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਸੀ। ਖਬਰਾਂ ਭੇਜਣ ਵਾਲਾ ਯੰਤਰ ਟੈਲੀ ਪ੍ਰਿਟਰ ਖਰਾਬ ਹੋ ਗਿਆ ਸੀ ਤੇ ਜਦੋਂ ਖਰਾਬ ਹੁੰਦਾ ਤਾਂ ਅਸੀਂ ਖਬਰਾਂ ਟੈਲੀਫੋਨ ਤੇ ਲਿਖਵਾ ਦਿੰਦੇ ਸੀ ਪਰ ਟੈਲੀਫੋਨ ਵਿੱਚ ਵੀ ਲਾਈਨਾਂ ਦੀ ਕਾਫੀ ਸਮੱਸਿਆ ਰਹਿੰਦੀ ਸੀ। ਟੈਲੀਫੋਨ ਤੇ ਜਦੋਂ ਲਿਖਵਾਉਂਦੇ ਤਾਂ ਅਗਲੇ ਪਾਸੇ ਲਿਖਣ ਵਾਲਾ ਬੰਦਾ ਗਲਤੀ ਕਰ ਦਿੰਦਾ। ਉਸ ਵਕਤ ਸੰਤਾਂ ਦੀ ਕਿਸੇ ਨਾਲ ਮੀਟਿੰਗ ਹੋਈ, ਮੈਨੂੰ ਯਾਦ ਨਹੀਂ ਕਿਸਦੇ ਨਾਲ ਹੋਈ ਸੀ ਮੈਂ ਇਸ ਦੀ ਖਬਰ ਟੈਲੀਫੋਨ ਤੇ ਲਿਖਾਈ ਸੀ ਪਰ ਅਗਲੇ ਦਿਨ ਖਬਰ ਛੱਪ ਕੇ ਆ ਗਈ ਕਿ ਸੰਤ ਜਰਨੈਲ ਸਿੰਘ ਦੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਿਰਪਾਲ ਸਿੰਘ ਨਾਲ ਮੀਟਿੰਗ ਹੋਈ। ਖਬਰ ਦੇਰ ਨਾਲ ਲਖਾਈ ਸੀ। ਸਾਰੀ ਨਹੀਂ ਛਪੀ। ਅਜੀਤ ਵਿੱਚ ਇਕ ਪਾਸੇ ਹਾਸ਼ੀਏ ਨਾਲ ਲਿਖੀ ਛੱਪ ਗਈ। ਸੰਤ ਬਹੁਤ ਖਫ਼ਾ ਸਨ, ਸੰਤ ਕਹਿੰਦੇ ਕਿ ਮੈਂ ਉਨ•ਾਂ ਦੇ ਮੱਥੇ ਨਹੀਂ ਲਗਣਾ ਚਾਹੁੰਦਾ। ਕੌਣ ਕਹਿੰਦਾ ਹੈ ਮੈਂ ਉਨਾਂ ਨਾਲ ਮੀਟਿੰਗ ਕੀਤੀ। ਮੈਨੂੰ ਰਛਪਾਲ ਸਿੰਘ ਦਾ ਫੋਨ ਗਿਆ ਕਿ ਸੰਤ ਮਿਲਣਾ ਚਾਹੁੰਦੇ.....ਮੈਂ ਗਿਆ। ਸੰਤ ਉਦੋਂ ਗੁਰੂ ਰਾਮਦਾਸ ਸਰਾਂ ਵਿੱਚ ਰਹਿੰਦੇ ਸਨ ਤੇ ਉਪਰ ਪੌੜੀਆਂ ਚੜੀ ਜਾਂਦੇ ਸੀ, ਮੈਨੁੰ ਕਹਿੰਦੇ ਅੱਜ ਕੀ ਲਿਖਤਾ ਤੂੰ। ਮੈਂ ਕਿਹਾ ਕਿ ਅਸਲ ਵਿੱਚ ਭੇਜਿਆ ਮੈਂ ਕੁੱਝ ਹੋਰ ਸੀ, ਟੈਲੀਫੋਨ ਤੇ ਖਬਰ ਭੇਜੀ ਸੀ, ਲਿਖਣ ਵਾਲੇ ਨੇ ਗਲਤੀ ਕਰ ਦਿੱਤੀ। ਬਸ ਹੋਰ ਕੋਈ ਗੱਲ ਨਹੀਂ ਹੋਈ ਉਸ ਵਕਤ ਉਨ•ਾਂ ਕੁਝ ਨਹੀਂ ਕਿਹਾ।
ਤੀਜੀ ਵਾਰ ਮੇਰੀ ਉਨਾਂ ਨਾਲ ਗੱਲਬਾਤ ਹੋਈ, 3 ਜੂਨ 1984 ਨੂੰ ਜੋ ਕਿ ਬਹੁਤ ਹੀ ਮਹੱਤਵਪੂਰਨ ਦਿਨ ਸੀ। ਸੰਤ ਬੜੇ ਸ਼ਾਂਤ ਮਨ ਬੈਠੇ ਸੀ। ਛੋਟੀ ਕੇਸਮੀ ਸਿਰ ਤੇ ਬੰਨੀ ਹੋਈ ਸੀ, ਗਰਮੀ ਬਹੁਤ ਜਿਆਦਾ ਸੀ, ਬਿਜਲੀ ਵੀ ਹੈ ਨਹੀਂ ਸੀ। ਅਸੀਂ 5-6 ਪੱਤਰਕਾਰ ਉਨ•ਾਂ ਨੂੰ ਮਿਲਣ ਗਏ। ਸੰਤਾਂ ਨੇ ਬੜੀ ਭਰਵੀਂ ਨਜ਼ਰ ਨਾਲ ਦੇਖਿਆ ਤੇ ਹੋਰ ਉਥੇ ਕਈ ਗੱਲਾਂ ਹੋਈਆਂ ਤੇ ਸੰਤ ਉਦੋਂ ਸਾਹਮਣੇ ਬੈਠੇ ਸਿੰਘਾਂ ਨੂੰ ਇਹੀ ਕਹੀ ਜਾਂਦੇ ਸੀ ਕਿ ਕਬੂਤਰ ਨੂੰ ਬਿੱਲੀ ਨੇ ਛੱਡਣਾ ਨਹੀਂ ਹੁੰਦਾ, ਕਬੂਤਰ ਨੂੰ ਭੁਲੇਖਾ ਲੱਗ ਜਾਂਦਾ, ਉਹ ਅੱਖਾਂ ਮੀਚ ਲੈਂਦਾ ਕਿ ਮੈਨੂੰ ਬਿੱਲੀ ਛੱਡ ਕੇ ਅਗਾਂਹ ਲੰਘ ਜਾਉ ਪਰ ਬਿੱਲੀ ਨੇ ਖਾਣਾ ਹੀ ਹੁੰਦਾ ਕਬੂਤਰ ਨੂੰ ਤੇ......ਇਸ ਕਰਕੇ ਸਿੰਘੋ ਛੱਡਣਾ ਤੁਹਾਨੂੰ ਕਿਸੇ ਨੇ ਨੀ ਤੇ ਕੁਰਬਾਨੀ ਨਾਲ ਹੀ ਗੱਲ ਬਣਨੀ ਹੈ ਤੇ ਤੁਸੀਂ ਅੱਖਾਂ ਖੋਲ ਕੇ ਰੱਖਣੀਆਂ।
ਇਹ ਸਾਰੀ ਗੱਲ ਹੋਈ ਲੰਬੀ ਚੋੜੀ। ਇਸ ਤੋਂ ਬਾਅਦ ਉਹ ਕੁਝ ਕਹਿਣਾ ਚਾਹੁੰਦੇ ਸੀ ਉਹ ਪਰ ਮੈਂ ਤਾਂ ਨਹੀਂ ਰੁੱਕ ਸਕਿਆ ਕਿਉਂਕਿ ਸਾਨੂੰ ਪਤਾ ਸੀ ਕਿ ਕਰਫਿਊ ਲਗਣ ਵਾਲਾ। ਮੈਂ ਪੱਤਰਕਾਰਾਂ ਦੇ ਗਰੁੱਪ ਨਾਲ ਸੀ ਤੇ ਫੋਜ ਦਾ ਘੇਰਾ ਪੈ ਰਿਹਾ ਸੀ ਤੇ ਜੇ ਮੈਂ ਉਥੇ ਰੁੱਕੇ ਜਾਂਦਾ ਤੇ ਫਿਰ ਨਿਕਲ ਨਹੀਂ ਸੀ ਸਕਦਾ। ਮੈਂ ਰੁਕਿਆ ਤਾਂ ਨਹੀਂ ਪਰ ਮੈਨੂੰ ਹਮੇਸ਼ਾ ਰਿਹਾ ਕਿ ਸੰਤ ਕੋਈ ਹੋਰ ਕੁਝ ਕਹਿਣਾ ਚਾਹੁੰਦੇ ਸੀ। ਫਿਰ ਅਸੀਂ ਸਾਰੇ ਇਕੱਠੇ ਗਰੁੱਪ ਵਿੱਚ ਵਾਪਸ ਆ ਗਏ। ਉਹ ਸਾਡੀ ਸੰਤਾਂ ਨਾਲ ਆਖਰੀ ਮੀਟਿੰਗ ਸੀ।

ਸਵਾਲ: ਜਿਹੜੇ ਪੱਤਰਕਾਰ ਬਾਹਰੋਂ ਆਉਦੇ ਸਨ ਤੇ ਸੰਤਾਂ ਦੀ ਇੰਟਰਵਿਊ ਕਰਦੇ ਸਨ, ਉਹ ਸੰਤਾਂ ਨੂੰ ਮਿਲਣ ਤੋਂ ਬਾਅਦ ਉਹਨਾਂ ਬਾਰੇ ਕੀ ਸੋਚਦੇ ਸਨ ਜਾਂ ਉਨ•ਾਂ ਦਾ ਸੰਤਾਂ ਪ੍ਰਤੀ ਨਜ਼ਰੀਆ ਕਿਹੋ ਜਿਹਾ ਹੁੰਦਾ?
ਜਵਾਬ: ਜਿਹੜੇ ਬਾਹਰੋ ਪੱਤਰਕਾਰ ਜਾਂਦੇ ਸੀ ਉਨ•ਾਂ ਨੇ ਆਪਣੇ ਵਿਚਾਰ ਪਹਿਲਾਂ ਤੋਂ ਬਣਾਇਆ ਹੁੰਦਾ ਸੀ ਤੇ ਸੰਤਾਂ ਨੇ ਬਿਆਨ ਦਿੱਤਾ, ਉਨ•ਾਂ ਨੇ ਸੁਣ ਲੈਣਾ। ਉਨ•ਾਂ ਦਾ ਵਿਚਾਰ ਸਾਰਾ ਦਿੱਲੀ ’ਚ ਬੈਠਿਆ ਹੀ ਬਣਦਾ ਸੀ। ਕੁਝ ਚਿਰ ਲਈ ਇੰਟਰਵਿਊ ਕਰਨ ਆਉਂਦੇ ਸਨ। ਬਹੁਗਿਣਤੀ ਪੱਤਰਕਾਰਾਂ ਦੇ ਵਿਚਾਰ ਸੰਤਾਂ ਦੇ ਵਿਰੁੱਧ ਹੀ ਹੁੰਦਾ ਸੀ। ਸਰਕਾਰ ਕਾਫੀ ਹੱਦ ਤੱਕ ਇਸ ਗਲ ਨੂੰ ਫੈਲਾਉਣ ਵਿੱਚ ਕਾਮਯਾਬ ਹੁੰਦੀ ਸੀ ਕਿ ਉਹ ਦਹਿਸ਼ਤਗਰਦੀ ਕਰ ਰਹੇ ਨੇ। ਇਸ ਕਰਕੇ ਪੱਤਰਕਾਰਾਂ ਦੇ ਖਿਲਾਫ ਹੀ ਵੀਚਾਰ ਹੁੰਦਾ ਸੀ, ਜਿਹੜੇ ਸਥਾਨਕ ਪੱਤਰਕਾਰ ਹੁੰਦੇ ਸੀ, ਉਹ ਚੁੱਪ ਰਹਿੰਦੇ ਜਿਆਦਾ।

ਸਵਾਲ: ਸਮੁੱਚੇ ਸਿੱਖ ਸੰਘਰਸ਼ ਵਿੱਚ ਮੀਡੀਆ ਦੀ ਭੂਮਿਕਾ ਕੀ ਰਹੀ? ਥੋੜਾ ਵਿਸਤਾਰ ਨਾਲ ਚਾਨਣਾ ਪਾਉ?
ਜਵਾਬ: ਮੀਡੀਆ ਹਮੇਸ਼ਾਂ ਹੀ ਸਟੇਟ ਦੇ ਨਾਲ ਚਲਦਾ ਰਿਹਾ। ਇਸ ਸਾਰੇ ਵਰਤਾਰੇ ਦੇ ਸਮਾਨਅੰਤਰ ਘਟਨਾਕ੍ਰਮ ਮੈਨੂੰ ਅਮਰੀਕੀ ਫੋਜ ਵਲੋਂ ਇਰਾਕ ਉ¤ਤੇ 2003 ’ਚ ਕੀਤੇ ਹਮਲੇ ਚੋਂ ਲੱਭਿਆ। ਭਾਵੇਂ ਦੋਨਾਂ ਵਾਕਿਆਂ ਦੀ ਪਿੱਠਭੂਮੀ ਵੱਖਰੀ, ਕਾਰਨ ਵੱਖਰੇ ਤੇ ਵੱਖਰੇ ਮੰਤਵਾਂ ਦੀ ਪੂਰਤੀ ਕੀਤੀ ਗਈ ਸੀ। ਪਰ ਅਮਰੀਕੀ ਹਮਲੇ ਦੌਰਾਨ ਸਮੁੱਚੇ ਮੀਡੀਆ ਤੇ ਪੱਤਰਕਾਰਾਂ ਦੇ ਰੋਲ ਨੂੰ ਦ੍ਰਿਸ਼ਮਾਨ ਕਰਨ ਲਈ ਜੋ ਅਲੰਕਾਰ ਹੁਣ ਚਾਰ ਪੰਜ ਸਾਲ ਪਹਿਲਾਂ ਪੱਤਰਕਾਰੀ ਦੀ ਦੁਨੀਆਂ ’ਚ ਨਿਖਰਕੇ ਆਏ ਹਨ, ਉਹ 20-30 ਸਾਲ ਪਹਿਲਾਂ ਸੰਭਵ ਹੀ ਨਹੀਂ ਸੀ। ਜਿਹੜੇ 600 ਪੱਤਰਕਾਰ ਅਮਰੀਕੀ ਫੋਜ ਨਾਲ ਇਰਾਕ ਤੇ ਹਮਲੇ ਦੌਰਾਨ ਰਹੇ ਤੇ ਲੜਾਈ ਦੇ ਫਰੰਟ ਤੋਂ ਰਿਪੋਰਟਿੰਗ ਕੀਤੀ, ਉਸ ਨੂੰ ਅੰਗਰੇਜ਼ੀ ਵਿੱਚ ‘‘ਇੰਮਬੈਡਡ ਜਰਨਲਿਜ਼ਮ’’ (ਥਠਲਕਦਕਦ ੲਰਚਗਅਜਤਠ) ਆਖਿਆ ਗਿਆ। ਪੰਜਾਬੀ ਵਿੱਚ ‘ਇੰਮਬੈਡਿਡ’ ਦਾ ਅਰਥ ਹੈ ਹਮ-ਬਿਸਤਰ ਹੋਣਾ.....ਇਸ ਤਰ•ਾਂ ਮੀਡੀਆ ਸਰਕਾਰ ਨਾਲ ਹਮ-ਬਿਸਤਰ ਹੋਇਆ। ਜਾਨਿ ਪੱਤਰਕਾਰਾਂ ਦਾ ਫੌਜ ਜਾਂ ਰਾਜਸੱਤਾ ਦਾ ਅਟੁੱਟ ਹਿੱਸਾ ਬਣਨਾ ਜਾਂ ਖਬਰ ਨੂੰ ਉਹਨਾਂ ਦੇ ਨੁਕਤਾ ਨਿਗਾਹ ਤੋਂ ਪੇਸ਼ ਕਰਨਾ। ਪੱਤਰਕਾਰਾਂ ਨੇ ਫੌਜ ਜਾਂ ਸਰਕਾਰ ਦਾ ਅੰਗ ਬਣਕੇ ਝੂਠੀ-ਸੱਚੀ ਪ੍ਰਚਾਰ ਮੁਹਿੰਮ ਦਾ ਅੰਗ ਬਣਕੇ ਕੰਮ ਕੀਤਾ।
ਬੰਦੇ ਉਦੋਂ ਵੀ ‘‘ਇੰਮਬੈਡਡ ਜਰਨਲਿਜ਼ਮ’’ ਵਾਲਾ ਕਰਦੇ ਸਨ ਪਰ ਉਹਦੇ ਲਈ ਟਰਮ ਨਹੀਂ ਆਈ ਸੀ। ਇਹ ਪਰੈਕਟਿਸ ਚੋਂ ਨਿਕਲ ਕੇ ਆਈ ਹੈ। ਖੈਰ ਸਰਕਾਰਾਂ ਇਸ ਤਰ•ਾਂ ਪੱਤਰਕਾਰੀ ਨੂੰ ਆਪਣੇ ‘‘ਅਨੁਸਾਰੀ’’ ਬਣਾਉਣ ਨੂੰ ‘‘ਮੀਡੀਆ ਮੈਨੇਜਮੈਂਟ’’ ਦਾ ਨਾਮ ਦੇ ਕੇ ਵਡਿਆਉਂਦੀਆਂ ਹਨ। 1980 ਵਿਆਂ ਦੇ ਦਿਨਾਂ ਵਿੱਚ ਇਸ ਤਰ•ਾਂ ਦੀ ‘‘ਮੀਡੀਆ ਮੈਨੇਜਮੈਂਟ’’ ਬਹੁਤ ਅਸਾਨ ਸੀ, ਕਿਉਂਕਿ ਅਖਬਾਰ ਦੇ ਸੰਪਾਦਕ-ਪੱਤਰਕਾਰ 90× ਉਪਰਲੀਆਂ ਸਵਰਨ ਜਾਤੀਆਂ ਚੋਂ ਸਨ। ਜਿਸ ਕਰਕੇ ਉਹਨਾਂ ਦਾ ਦਿੱਲੀ ਰਾਜਸੱਤਾ ਦੀਆਂ ‘‘ਹਿੰਦੂਤਵੀ-ਬ੍ਰਾਹਮਣਵਾਦੀ’’ ਨੀਤੀਆਂ ਨਾਲ ਕਿਵੇਂ ਵਿਰੋਧ ਹੋ ਸਕਦਾ ਹੈ? ਇੱਥੋਂ ਤਕ ਕਿ ਇਹਨਾਂ ਸੰਪਾਦਕਾਂ ਤੇ ਪੱਤਰਕਾਰਾਂ ਦੀ ਪੜਚੋਲੀਆ ਅੱਖ ਵੀ ਆਪਣਿਆਂ ਦੇ ਪ੍ਰਭਾਵ ਥੱਲੇ ਬੰਦ ਹੋ ਚੁੱਕੀ ਸੀ।
ਇਸ ਦਾ ਅੰਦਾਜਾ ਇਥੋਂ ਲਗ ਸਕਦਾ ਹੈ ਕਿ ਕੇ.ਕੇ. ਸ਼ਰਮਾ ਜੋ ਦਿੱਲੀ ਤੋਂ ਫਾਈਨਾਈਂਸ਼ਲ ਟਾਈਮਜ਼ ਲੰਦਨ ਨੂੰ ਖਬਰਾਂ ਭੇਜਦਾ ਸੀ ਤੇ ਸੰਜੋਆਇ ਹਜ਼ਾਰਿਕਾ ਅਮਰੀਕਾ ਦੇ ਅਖਬਾਰ ਨਿਊਯਾਰਕ ਟਾਈਮਜ਼ ਲਈ ਲਿਖਦਾ ਸੀ, ਨੇ ਹਮੇਸ਼ਾਂ ਸਿੱਖਾਂ ਬਾਰੇ ਦਿੱਲੀ ਰਾਜਸੱਤਾ ਦੇ ਵਿਚਾਰਾਂ ਦੀ ਹੀ ਤਰਜ਼ਮਾਨੀ ਕੀਤੀ। ਦੁਨੀਆਂ ਦੇ ਮਸ਼ਹੂਰ ਮੈਗਜੀਨ ‘‘ਇਕੋਨਮਿਸਟ’’ ਵਿੱਚ 1983 ਨੂੰ ਸੰਤ ਭਿੰਡਰਾਂਵਾਲਿਆਂ ਨੂੰ ‘‘ਹਿੰਸਾ ਦਾ ਮਸੀਹਾ’’ ਤੇ ਦਰਬਾਰ ਸਾਹਿਬ ਉਸ ਦੀ ‘‘ਛੁਪਣਹਾਰ’’ ਦੱਸਿਆ ਗਿਆ। ਹੋਰਾਂ ਨੇ ਵੀ ਇੰਝ ਹੀ ਕੀਤਾ। ਮੈਂ ਕਹਿਣਾਂ ਹੁੰਦਾ ਕਿ ਬਾਹਰਲੇ ਦੇਸ਼ਾਂ ਵਿੱਚ ਸਿੱਖਾਂ ’ਤੇ ਹਮਲੇ ਹੋਣ ਦਾ ਕਾਰਨ ਵੀ ਪ੍ਰੈਸ ਦੀ ਸਿੱਖਾਂ ਬਾਰੇ ਆਲਮੀ ਪੱਧਰ ਤੇ ਗਲਤ ਪੇਸ਼ਕਾਰੀ ਸੀ। ਦੇਸ਼ ਵਿਆਪੀ ਪ੍ਰੈਸ ਤੇ ਨਾਮਵਰ ਮੈਗਜੀਨਾਂ ਦੇ ਰਿਪੋਰਟਰ ਅੰਮ੍ਰਿਤਸਰ ਤੇ ਵਿਸ਼ੇਸ਼ ਕਰਕੇ ਦਰਬਾਰ ਸਾਹਿਬ ਵਿਖੇ ਆਉਂਦੇ ਜਾਂਦੇ ਰਹਿੰਦੇ ਸਨ। ਅਜਿਹੇ ‘‘ਸਰਕਾਰ ਦਿਮਾਗੀਏ’’ ਪੱਤਰਕਾਰ ਦਰਬਾਰ ਸਾਹਿਬ ਤੋਂ ਸੰਤ ਭਿੰਡਰਾਂਵਾਲਿਆਂ, ਸੰਤ ਹਰਚੰਦ ਸਿੰਘ ਲੋਂਗੌਵਾਲ ਜਾਂ ਹੋਰ ਅਕਾਲੀ ਆਗੂਆਂ ਦੇ ਵਿਚਾਰਾਂ ਨੂੰ ਆਪਣੇ ਬਣਾਏ ਚੌਖਟੇ ਵਿੱਚ ਫਿਟ ਕਰਕੇ, ਅੰਮ੍ਰਿਤਸਰ ‘‘ਡੇਟ ਲਾਈਨ’’ ਤੋਂ ਪੇਸ਼ ਕਰਕੇ ਆਪਣੀ ‘‘ਮੌਲਿਕ ਪੱਤਰਕਾਰੀ ਤੇ ਸਿਆਸੀ ਵਿਸ਼ਲੇਸ਼ਨਾਂ’’ ਦਾ ਦੰਭ ਰਚਦੇ ਰਹਿੰਦੇ ਸਨ, ਪ੍ਰੈਸ ਦਾ ਰੋਲ ਜਿਵੇਂ ਫੌਜ ਵਿੱਚ ਇਕ ਓ.ਪੀ. ਹੁੰਦਾ ਹੈ, ਉਹ ਪਹਿਲਾਂ ਮੂਹਰੇ ਜਾ ਕੇ ਹਾਲਾਤ ਦੱਸਦਾ ਹੈ ਕਿ ਤੁਸੀਂ ਇਥੇ ਗੋਲਾ ਮਾਰੋ ਜਾਂ ਫਾਇਰ ਕਰੋ, ਆਹ ਦੁਸ਼ਮਣ ਦਾ ਕਮਜੋਰ ਪਹਿਲੂ ਆਦਿ। ਪ੍ਰੈਸ ਨੇ ਓ.ਪੀ. ਵਾਲਾ ਰੋਲ ਨਿਭਾਇਆ ਬਹੁਤਾ ਕਿ ਕਿਥੇ ਕੀ ਕਰਨਾ ਹੈ। ਇਸ ਦੇ ਤਹਿਤ ਹੀ ਬਾਅਦ ਵਿੱਚ ਸਟੇਟ ਨੇ ਆਪਣਾ ਤਸ਼ੱਦਦ ਕੀਤਾ ਅਤੇ ਪ੍ਰੈਸ ਨੇ ਅਜਿਹੇ ਕਾਜ ਲਈ ਸਟੇਟ ਲਈ ਰਾਹ ਪੱਧਰਾ ਕੀਤਾ।

ਸਵਾਲ: ਖ਼ਬਰ ਏਜੰਸੀਆਂ ਦੀ ਕਾਰਗੁਜਾਰੀ ਕਿਹੋ ਜਿਹੀ ਰਹੀ?
ਜਵਾਬ: ਉਨਾਂ ਵਿੱਚੋਂ ਪੀ.ਟੀ.ਆਈ. ਹਿੰਸਕ ਘਟਨਾਵਾਂ ਨੂੰ ਵਧਾ ਚੜ•ਾ ਕੇ ਪੇਸ਼ ਕਰਦੀ, ਸਰਕਾਰੀ ਪੱਖ ਜਿਆਦਾ ਦਿੰਦੀ ਤੇ ਉਸਦੀਆਂ ਰਿਪੋਰਟਾਂ ਸੰਤ ਲੋਂਗੌਵਾਲ ਤੇ ਅਕਾਲੀ ਪਾਰਟੀ ਦੀਆਂ ਜ਼ਾਹਰਾ ਵਕਾਲਤ ਕਰਦੀਆਂ। ਇਸ ਦੇ ਉਲਟ ਯੂ.ਐਨ.ਆਈ ਦੇ ਰਿਪੋਰਟਰ ਦੀਆਂ ਖਬਰਾਂ ਸਰਕਾਰੇ ਦਰਬਾਰੇ ਤੇ ਅਕਾਲੀ ਲੀਡਰਾਂ ਦੇ ਸ਼ੱਕ ਦੇ ਘੇਰੇ ’ਚ ਰਹਿੰਦੀਆਂ ਤੇ ਇਸੇ ਕਰਕੇ ਉਸਨੂੰ ਕਈ ਸਰਕਾਰੀ ਵਧੀਕੀਆਂ ਦਾ ਵੀ ਸ਼ਿਕਾਰ ਹੋਣਾ ਪਿਆ। ਸਮੁੱਚੇ ਤੌਰ ’ਤੇ ਨਿਊਜ ਏਜੰਸੀਆਂ ਵਲੋਂ ਸਰਕਾਰੀ ਬਿਆਨਾਂ ਜਾਂ ਆਫੀਸ਼ਲ ਵਰਸ਼ਨ ਨੂੰ ਕਵਰ ਕਰਨ ’ਚ ਵੱਧ ਤਰਜੀਹ ਦੇਣਾ, ਅਖੀਰ ’ਚ ਰਾਜ ਸੱਤਾ ਦੀ ਬੋਲ-ਬਾਣੀ ਹੋ ਨਿਬੜਦਾ ਸੀ, ਹਿੰਸਕ ਘਟਨਾਵਾਂ ਉਹਨਾਂ ਦਿਨਾਂ ’ਚ ਐਨੀ ਤੇਜ਼ੀ ਨਾਲ ਵਾਪਰਦੀਆਂ ਸਨ ਕਿ ਸ਼ਾਇਦ ਹੀ ਕਿਸੇ ਪੱਤਰਕਾਰ ਨੂੰ ਅਸਲੀਅਤ ਖੋਜਣ ਜਾਂ ਛਾਪਣ ਦਾ ਮੌਕਾ ਮਿਲਦਾ ਸੀ। ਸੋ, ਪੁਲਿਸ ਤੇ ਸਰਕਾਰੀ ਬਿਆਨ ਤੇ ਘਟਨਾਵਾਂ-ਚਰਚਾਵਾਂ ਅਖਬਾਰਾਂ ’ਚ ‘‘ਸੱਚੀ ਕਥਾ’’ ਦੇ ਤੌਰ ਤੇ ਛੱਪਦੀਆਂ ਰਹਿੰਦੀਆਂ। ਇਸ ਤਰ•ਾਂ ਉਸ ਵਕਤ ਬਹੁਤੇ ‘‘ਇੰਮਬੈਡਿਡ ਜ਼ਰਨਲਿਸਟ’’ ਸਨ , ਇਥੋਂ ਤਕ ਕਿ ਉਹੀ ਬੰਦੇ ਇੰਟੈਲੀਜੈਂਸ ਏਜੰਸੀਆਂ ਨਾਲ ਅਸਿੱਧੇ ਰੂਪ ਵਿੱਚ ਕਰਦੇ ਸਨ। ਕਿਉਂਕਿ ਇੰਟੈਲੀਜੈਂਸ ਦੇ ਬੰਦੇ ਅੰਦਰ ਜਾ ਨਹੀਂ ਸੀ ਸਕਦੇ ਤੇ ਉਹ ਇਸ ਤਰ•ਾਂ ਪੱਤਰਕਾਰੀ ਦੇ ਪਰਦੇ ਥੱਲੇ ਅੰਦਰ ਵੀ ਜਾ ਵੜਦੇ ਤੇ ਸੂਹ ਲੈ ਆਉਂਦੇ।

ਸਵਾਲ: ਪੰਜਾਬ ਦੀ ਪ੍ਰੈਸ ਦੀ ਭੂਮਿਕਾ ਬਾਰੇ ਕੀ ਕਹਿਣਾ ਚਾਹੋਗੇ?
ਜਵਾਬ: ਪੰਜਾਬ ’ਚ ਉਸ ਸਮੇਂ ਪੰਜਾਬ ਕੇਸਰੀ ਗਰੁੱਪ ਦੀ ਸਰਕਾਰੀ ਦੇਖ-ਰੇਖ ’ਚ ਪੂਰੀ ਚੜਤ ਹੋ ਗਈ ਸੀ। ਉਹ ਆਰੀਆ ਸਮਾਜੀਆਂ ਤੇ ਕੱਟੜ ਹਿੰਦੂਆਂ ਦੀ ਪੰਜਾਬ ’ਚ ਅਵਾਜ ਬਣ ਗਿਆ ਸੀ। ਇਸੇ ਗਰੁੱਪ ਦਾ ਪੰਜਾਬੀ ਅਖਬਾਰ ‘‘ਜਗਬਾਣੀ’’ ਆਮ ਪੰਜਾਬੀਆਂ ਤੱਕ ਪਹੁੰਚਣ ਕਰਕੇ, ਹਿੰਦੂਆਂ-ਸਿੱਖਾਂ ਦੀਆਂ ਹੇਠਲੀਆਂ ਸਫਾਂ ’ਚ ਵੀ ਗੈਰ-ਵਿਰੋਧ, ਘਿਰਣਾ ਤੇ ਬੇਭਰੋਸਗੀ ਫੈਲਾਉਣ ਵਿੱਚ ਕਾਰਗਰ ਸਿੱਧ ਹੋਇਆ ਸੀ। ਲਾਲਾ ਜਗਤ ਨਰਾਇਣ ਦੇ ਪਹਿਲੇ ਸਫੇ ਤੇ ਲਿਖੇ ਵੱਡੇ-ਵੱਡੇ ‘‘ਐਡੀਟੋਰੀਅਲ ਨੋਟ’’ ਬਲਦੀ ’ਤੇ ਤੇਲ ਪਾਉਣ ਦਾ ਕੰਮ ਅਕਸਰ ਕਰਦੇ ਰਹਿੰਦੇ। ਪੰਜਾਬ ਕੇਸਰੀ ਗਰੁੱਪ ਦਿੱਲੀ ਰਾਜਸੱਤਾ ਤੋਂ ਵੀ ਵੱਧ ਕੱਟੜ ਹਿੰਦੂਵਾਦੀ ਪਹੁੰਚ ਰੱਖਦਾ ਸੀ। ਉਸ ਦੀ ਇਸ ਮੁਹਿੰਮ ਜੋ ਵੀ ਹਿੱਸਾ ਪਾਉਣ ਲਈ ਤਿਆਰ ਰਹਿੰਦਾ ਸੀ, ਉਹੀ ਉਸਦਾ ਪੱਤਰਕਾਰ ਬਣ ਸਕਦਾ ਸੀ। ਉਨ•ਾਂ ਦਿਨਾਂ ’ਚ ਅੰਮ੍ਰਿਤਸਰ ਸ਼ਹਿਰ ਵਿੱਚ ਹੀ ਇਸ ਅਖਬਾਰ ਸਮੂਹ ਦੇ ਲਗਭਗ ਦੋ ਦਰਜ਼ਨ ਪੱਤਰਕਾਰ ਸਨ। ਜਿਲਾ ਪੱਧਰ ਦੀਆਂ ਪੱਤਰਕਾਰੀ ਮੀਟਿੰਗਾਂ ਵਿੱਚ ਤੇ ਸਰਕਾਰੀ ਪ੍ਰੈਸ ਕਾਨਫਰੰਸਾਂ ਵਿੱਚ ਇਹ ਸੰਕਟ ਹਮੇਸ਼ਾ ਬਣਿਆ ਰਹਿੰਦਾ ਕਿ ਇਹਨਾਂ ਅਖਬਾਰਾਂ ਦੇ ਕਿੰਨੇ ਤੇ ਕਿਹੜੇ ਪੱਤਰਕਾਰ ਨੂੰ ਬੁਲਾਇਆ ਜਾਵੇ। ਇਨਾਂ ਗਰੁੱਪ ਬਾਰੇ ਤਾਂ ਮੈਂ ਸ਼ਰੇਆਮ ਕਹਿਣਾ ਚਾਹੁੰਦਾ ਹਾਂ ਕਿ ਇਹਨਾਂ ਹਮੇਸ਼ਾ ‘‘ਇੰਬੈਡਿਡ ਜ਼ਰਨਲਿਜ਼ਮ’’ ਕੀਤਾ।
ਅਜੀਤ ਤੇ ਅਕਾਲੀ ਪੱਤ੍ਰਿਕਾ ਵਿਚੋਂ ਅਕਾਲੀ ਪੱਤ੍ਰਿਕਾ ਦੀ ਰਿਪੋਰਟਿੰਗ ਕਾਫੀ ਹੱਦ ਤੱਕ ਦਲੇਰੀ ਭਰੀ ਤੇ ਖਾੜਕੂ ਸਫਾਂ ਦੀ ਸਹੀ ਪੇਸ਼ਕਾਰੀ ਵੀ ਹੁੰਦੀ, ਜੋ ਦਿੱਲੀ ਰਾਜਸੱਤਾ ਦੀ ਚਾਲਾਂ-ਚਲਾਕੀਆਂ ਤੇ ਹੇਰਾ ਫੇਰੀਆਂ ਨੂੰ ਕਾਫੀ ਨੰਗਾ ਵੀ ਕਰਦੀ ਸੀ। ਉਹਨਾਂ ਦਿਨਾਂ ਵਿੱਚ ਬਹੁਗਿਣਤੀ ਹਿੰਦੂ ਪੰਜਾਬੀ ਇਸ ਪੰਜਾਬੀਅਤ, ਪੰਜਾਬੀ ਜੁਬਾਨ ਅਤੇ ਸਭਿਆਚਾਰ ਤੋਂ ਬੇਮੁੱਖ ਹੋ ਚੁਕੇ ਸਨ। ਪੰਜਾਬ ਕੇਸਰੀ ਹਿੰਦੂਤਵੀ ਪੱਖ ਜਾਂ ਆਰੀਆ ਸਮਾਜੀ ਵਿਚਾਰਧਾਰਾ ਦਾ ਖੁਲੇਆਮ ਪੈਰੋਕਾਰ ਸੀ। ਦਿੱਲੀ ਵਿੱਚ ਮੈਂ ਦੇਖਦਾ ਰਿਹਾ ਕਿ ਅਜੀਤ ਅਤੇ ਪੰਜਾਬ ਕੇਸਰੀ ਗਰੁੱਪ ਸਾਰੇ ਇਸ ਤਰੀਕੇ ਨਾਲ ਪੇਸ਼ ਕਰਦੇ ਕਿ ਜਿਵੇਂ ਅਜੀਤ ਸਿੱਖਾਂ ਦਾ ਪੱਖ ਪੂਰਦਾ, ਦੂਜਾ ਹਿੰਦੂਆਂ ਦਾ। ਦੂਜਾ (ਪੰਜਾਬ ਕੇਸਰੀ) ਤਾਂ ਹਿੰਦੂਆਂ ਦਾ ਕੱਟੜ ਰੂਪ ’ਚ ਪੂਰਦਾ ਹੀ ਸੀ ਪਰ ਅਜੀਤ ਨੇ ਉਸ ਤਰ•ਾਂ ਸਿੱਖਾਂ ਦਾ ਨਹੀਂ ਪੂਰਿਆ, ਪੱਖ ਪੂਰਨ ਤੋਂ ਭਾਵ ਕੋਈ ਸਪੱਸ਼ਟ ਸਿਆਸੀ ਪੁਜੀਸ਼ਨ ਲੈਣ ਤੋਂ ਹੈ। ਅਜਿਹੀ ਘੁਲ-ਮਿਲ ਪਾਲਿਸੀ ਕਰਕ, ਅਜੀਤ ਭਾਵੇਂ ਖੁਦ ਨੂੰ ਪੰਜਾਬ ਦੀ ਅਵਾਜ ਕਹਾਉਂਦਾ ਰਿਹਾ ਪਰ ਉਹ ਜਲੰਧਰ ਦੇ ਮਹਾਸ਼ਾ ਜਾਂ ਆਰੀਆ ਸਮਾਜੀ ਪ੍ਰੈਸ ਦਾ ਬਦਲ ਨਹੀਂ ਬਣ ਸਕਿਆ।
ਜਲੰਧਰ ਦੇ ਸਾਰੇ ਅਖਬਾਰ ਹੀ ਪੁਰਾਣੇ ਤਰੀਕੇ ਦੇ ਗੈਰ-ਪੇਸ਼ਾਵਰ ਪੱਧਰ ਤੋਂ ਉਪਰ ਨਹੀਂ ਉਠੇ ਤੇ ਪੱਤਰਕਾਰਾਂ ਨੂੰ ਚੰਗੀਆਂ ਤਨਖਾਹਾਂ ਦੇਣ ਤੋਂ ਹਮੇਸ਼ਾਂ ਕੰਨੀ ਕਤਰਾਉਂਦੇ ਰਹਿੰਦੇ ਸਨ। ਇਸੇ ਕਰਕੇ, ਇਹਨਾਂ ਅਖਬਾਰਾਂ ਦੇ ਖਾਸ ਕਰਕੇ ਮਹਾਸ਼ਾ ਪ੍ਰੈਸ ਦੇ ਬੇ-ਵੇਤਨ ਪੱਤਰਕਾਰ ਸਰਕਾਰੀ ਏਜੰਸੀਆਂ ਦੇ ਧੱਕੇ ਆਸਾਨੀ ਨਾਲ ਚੜ ਜਾਂਦੇ। ਜਿਆਦਾਤਰ ਅਜਿਹੇ ਪੱਤਰਕਾਰ ਏਜੰਸੀਆਂ ਦੇ ਪੇ-ਰੋਲ ਤੇ ਹੁੰਦੇ ਤੇ ਉਨ•ਾਂ ਲਈ ਸੂਚਨਾਵਾਂ ਇਕੱਠੀਆਂ ਕਰਦੇ, ਸਰਕਾਰੀ ਖਬਰਾਂ ਪਲਾਟ ਕਰਦੇ ਤੇ ਕਰਵਾਉਂਦੇ। ਇਥੋਂ ਤਕ ਪੁਲਿਸ ਦੇ ਸਰਕਾਰੀ ਅਫਸਰਾਂ ਦੇ ਵਿਚੌਲੇ ਵੀ ਬਣ ਜਾਂਦੇ।
ਅੰਗਰੇਜ਼ੀ ਟ੍ਰਿਬਿਊਨ ਦੀ ਪਿੱਠ ਭੂਮੀ ਵੀ ਭਾਵੇਂ ਆਰੀਆ ਸਮਾਜੀ ਹੈ ਪਰ ਇਸਦਾ ਸੰਪਾਦਕ ਪ੍ਰੇਮ ਭਾਟੀਆ ਜੋ ਕੱਟੜ ਆਰੀਆ ਸਮਾਜੀ ਸੀ, ਖਬਰਾਂ ਦੀ ਪੇਸ਼ਕਾਰੀ ਵਿੱਚ ਨਿਰਪੱਖ ਰਿਪੋਰਟਾਂ ਦਾ ਭਰਮ ਬਣਾ ਕੇ ਰੱਖਦਾ। ਸੰਤ ਭਿੰਡਰਾਂਵਾਲਿਆਂ ਦੇ ਮੁਕਾਬਲੇ ’ਚ ਅਕਾਲੀ ਲੀਡਰ ਸੰਤ ਲੋਂਗੌਵਾਲ ਨੂੰ ਹਮੇਸ਼ਾਂ ਹਾਂ-ਪੱਖੀ ਤੇ ਸਲਾਹੁਣ ਵਾਲੇ ਅੰਦਾਜ਼ ’ਚ ਪੇਸ਼ ਕਰਦਾ। ਇਸ ਕਰਕੇ ਟ੍ਰਿਬਿਊਨ ਨੇ ਦਲਬੀਰ ਸਿੰਘ, ਜੋ ਭਿੰਡਰਾਂਵਾਲੇ ਦਾ ਪੱਖੀ ਸਮਝਿਆ ਜਾਂਦਾ ਸੀ, ਨੂੰ ਹਟਾਕੇ ਹੋਰ ਕਿਸੇ ਨੂੰ ਲਗਾ ਦਿੱਤਾ। ਪੰਜਾਬੀ ਤੇ ਹਿੰਦੀ ਟ੍ਰਿਬਿਊਨ ਨੇ ਆਪਣੇ ਕੁਝ ਵਖਰੇ ਪੱਤਰਕਾਰ ਵੀ ਰੱਖੇ ਹੋਏ ਸਨ। ਜਿਸ ਕਰਕੇ ਉਸ ਪੱਤਰਕਾਰੀ ਵੱਖਰੀ ਤੇ ਜਿਆਦਾ ਸਿੱਖ ਵਿਰੋਧੀ ਨਹੀਂ ਹੁੰਦੀ ਸੀ। ਟ੍ਰਿਬਿਊਨ ਗਰੁੱਪ ਨੇ ਜਿਆਦਾਤਰ ਦਿੱਲੀ ਰਾਜਸੱਤਾ ਤੇ ਪੁਲਿਸ ਫੌਜ ਦੇ ਧੱਕੇ ਤੋਂ ਅੱਖਾਂ ਬੰਦ ਹੀ ਰੱਖੀਆਂ।

ਸਵਾਲ: ਤੁਸੀਂ ਅੰਮ੍ਰਿਤਸਰ ਕਦੋਂ ਤੱਕ ਪੱਤਰਕਾਰੀ ਕੀਤੀ?
ਜਵਾਬ: ਮੈਂ 1987 ਦੇ ਸ਼ੁਰੂ ਵਿੱਚ ਅੰਮ੍ਰਿਤਸਰ ਤੋਂ ਗਿਆ। ਉਦੋਂ ਬਰਨਾਲਾ ਸਰਕਾਰ ਸੀ ਤੇ ਅਕਾਲੀ ਦਲ ਮੇਰੀ ਬਦਲੀ ਪੰਜਾਬ ਤੋਂ ਬਾਹਰ ਕਰਾ ਦਿੱਤੀ ਸੀ। ਬਲਵੰਤ ਸਿੰਘ ਜੋ ਕਿ ਸੀਨੀਅਰ ਅਕਾਲੀ ਆਗੂ ਹੁੰਦਾ ਸੀ, ਮੇਰੇ ਤੋਂ ਅਕਸਰ ਔਖਾ ਰਹਿੰਦਾ ਹੁੰਦਾ ਸੀ। ਕਈ ਗਲਾਂ ਤੋਂ ਕਿਉਂਕਿ ਉਸਦੇ ਮੁਤਾਬਕ ਕਵਰੇਜ਼ ਨਹੀਂ ਹੁੰਦੀ ਸੀ।

ਸਵਾਲ: ਜਿਹੜੇ ਅੱਜਕਲ ਖਾੜਕੂ ਸੰਘਰਸ਼ ਬਾਰੇ ਸਿੱਖਾਂ ਵਲੋਂ ਮੈਗਜ਼ੀਨ ਕੱਢੇ ਜਾ ਰਹੇ ਹਨ, ਉਨ•ਾਂ ਬਾਰੇ ਤੁਹਾਡੇ ਕੀ ਖਿਆਲ ਹਨ?
ਜਵਾਬ: ਠੀਕ ਹੈ, ਅੱਗੇ ਨਾਲੋਂ ਉਪਰਾਲਾ ਹੋਇਆ ਹੈ। ਮੈਨੂੰ ਇਹ ਉਮੀਦ ਹੈ ਕਿ ਜਿਹੜੀ ਆਉਣ ਵਾਲੀ ਪੀੜੀ ਹੈ, ਉਹ ਕੁਝ ਪੜੀ ਲਿਖੀ ਵੀ ਆ ਰਹੀ ਹੈ। ਸਿੱਖਾਂ ਦੇ ਨੌਜਵਾਨ ਪੜਦੇ ਲਿਖਦੇ ਵੀ ਹਨ ਕਾਫੀ। ਪਹਿਲਾਂ ਜਿਆਦਾਤਰ ਕਾਮਰੇਡ ਹੀ ਪੜ•ਦੇ ਲਿਖਦੇ ਸਨ। ਸਿੱਖ ਲਹਿਰ ਨਾਲ ਜੁੜੇ ਨੌਜਵਾਨਾਂ ਵਿੱਚ ਪੜ•ਨ ਦਾ ਰੁਝਾਨ ਘੱਟ ਸੀ। ਉਸ ਵਕਤ ਬੰਦੂਕ ਜਿਆਦਾ ਅੱਗੇ ਆ ਗਈ ਸੀ, ਕਲਮ ਨਾਲੋਂ। ਹੁਣ ਇੰਝ ਲਗਦਾ ਹੈ ਕਿ ਇਸ ਸਾਰੇ ਦੌਰ ਦੇ ਵਿੱਚੋਂ ਬੰਦੇ ਪੜ• ਗਏ, ਸਮਝ ਗਏ ਤੇ ਹੁਣ ਥੋੜੀ ਜਿਹੀ ਇਸ ਗੱਲ ਵਿੱਚ ਪਕਿਆਈ ਤੇ ਝਆ ਗਈ ਹੈ।

ਸਵਾਲ: ਰੋਜ਼ਾਨਾ ਸਪੋਕਸਮੈਨ ਜਿਹੜੀ ਆਪਣੇ ਆਪ ਨੂੰ ਪੰਥਕ ਅਖਬਾਰ ਹੋਣ ਦਾ ਦਾਅਵਾ ਕਰਦੀ ਹੈ, ਬਾਰੇ ਤੁਹਾਡੇ ਕੀ ਖਿਆਲ ਹਨ?
ਜਵਾਬ: ਨਹੀਂ, ਉਨ•ਾਂ ਦਾ ਜਿਆਦਾ ਕਮਰਸ਼ੀਅਲ ਹੈ, ਕਦੇ ਕਾਂਗਰਸ ਨਾਲ ਚਲਦੇ ਆ, ਕਦੇ ਕਿਸੇ ਨਾਲ ਚਲਦੇ ਆ। ਪੰਥਕ ਤੌਰ ਤੇ ਨਿਰੋਲ ਤਾਂ ਮੈਗਜ਼ੀਨ ਹੀ ਹੋ ਸਕਦੇ ਨੇ। ਬਾਕੀ ਅਖਬਾਰ ਤੋਂ ਬਹੁਤੀ ਉਮੀਦ ਕਰਨੀ ਵੀ ਨਹੀਂ ਚਾਹੀਦੀ। ਜਿਹੜੇ ਕੋਈ ਵਿਚਾਰਧਾਰਕ ਪੇਪਰ ਚਲਦੇ ਆ, ਜਿਹੜੇ ਵਿਚਾਰਧਾਰਾ ਦੀ ਗਲ ਕਰਦੇ ਆ ਉਹ ਸਿੱਖ ਜਥੇਬੰਦੀਆਂ ਨੂੰ ਚਾਹੀਦਾ ਕਿ ਉਹ ਆਪਣੇ ਪੇਪਰ ਚਲਾਉਣ।

ਸਵਾਲ: ਮੇਰੇ ਕਹਿਣ ਤੋਂ ਭਾਵ ਇਸ ਅਖਬਾਰ ਦੇ ਵਿਚਾਰਧਾਰਕ ਪੈਂਤੜੇ ਬਾਰੇ ਤੁਹਾਡੇ ਕੀ ਵਿਚਾਰ ਹਨ?
ਜਵਾਬ: ਵਿਚਾਰਧਾਰਕ ਪੱਖ ਵੀ ਸਹੀ ਨਹੀਂ ਹੈ। ਉਹ ਜਿਵੇਂ ਅਕਾਲ ਤਖਤ ਸਾਹਿਬ ਨਾਲ ਵਿਰੋਧਤਾ ਜਿਹੀ ਕਰਕੇ ਚਲਦਾ ਏ। ਬਾਕੀ ਥਠਲਕਦਕਦ ੲਰਚਗਅਜਤਠ ਵੀ ਕਰਦਾ ਹੈ ਅਸਿੱਧੇ ਰੂਪ ਵਿੱਚ। ਕਿਉਂਕਿ ਕਈ ਵਾਰੀ ਸਰਕਾਰਾਂ ਦੇ ਬੜੇ ਮਹੀਨ ਤਰੀਕੇ ਵੀ ਹੁੰਦੇ ਹਨ। ਜਿਵੇਂ ਤੁਸੀਂ ਸਿੱਖ ਪੰਥ ਵਿੱਚ ਵੰਡੀਆਂ ਪਾ ਕੇ ਰੱਖੋ, ਇਕ ਵਿਚਾਰਧਾਰਾ ਹੀ ਨਾ ਬਣਨ ਦਿਉ, ਮਤਭੇਦਾਂ ਨੂੰ ਉਭਾਰੋ, ਇਹ ਵੀ ਇਕ ਸਟੇਟ ਦਾ ਪੱਖ ਹੀ ਪੂਰਿਆ ਜਾਂਦਾ। ਜਾਂ ਤੁਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉ¤ਚਤਾ ਨੂੰ ਚੁਣੌਤੀ ਦਿਉ।

ਸਵਾਲ: ਜਿਵੇਂ ਅਸੀਂ ਜਾਣਦੇ ਹਾਂ ਕਿ ਮੀਡੀਆ ਵਲੋਂ ਹਮੇਸ਼ਾ ਸਿੱਖ ਹਿੱਤਾਂ ਨੂੰ ਅੱਖੋ ਪਰੋਖੇਂ ਕੀਤਾ ਜਾਂਦਾ ਹੈ, ਇਸ ਦੇ ਮਦੇਨਜ਼ਰ ਸਿੱਖਾਂ ਦੀ ਕੀ ਵਿਉਂਤਬੰਦੀ ਹੋਣੀ ਚਾਹੀਦੀ ਹੈ?
ਜਵਾਬ: ਦੇਖੋ ਜੀ, ਸਿੱਖ ਕਿਉਂਕਿ ਇਥੇ ਘੱਟ ਗਿਣਤੀ ’ਚ ਹਨ ਤੇ ਇਥੋਂ ਦਾ ਮੀਡੀਆ ਇਨਾਂ ਦੀ ਗੱਲ ਕਦੇ ਨਹੀਂ ਕਰੇਗਾ ਭਾਵੇਂ ਉਹ ਮੁਸਲਿਮ ਹਨ ਜਾਂ ਸਿੱਖ। ਕਿਉਂਕਿ ਇਥੋਂ ਦੀਆਂ ਸਰਕਾਰਾਂ ਬਹੁ ਗਿਣਤੀ ਨਾਲ ਹੀ ਚਲਦੀਆਂ ਹਨ। ਇਸ ਕਾਰਨ ਮੁੱਖ ਧਾਰਾ ਦਾ ਅਖਬਾਰ ਘੱਟ ਗਿਣਤੀਆਂ ਦੀ ਕਦੇ ਮਦਦ ਨਹੀਂ ਕਰੇਗਾ। ਇਸ ਕਾਰਨ ਇਸ ਮੀਡੀਏ ਤੋਂ ਕਿਸੇ ਕਿਸਮ ਦੀ ਉਮੀਦ ਨਹੀਂ ਰੱਖਣੀ ਚਾਹੀਦੀ ਤੇ ਸਿੱਖਾਂ ਨੂੰ ਆਪਣੇ ਅਖਬਾਰ ਜਾਂ ਰਸਾਲੇ ਕੱਢਣੇ ਚਾਹੀਦੇ ਹਨ।

ਸਵਾਲ: ਭਾਰਤੀ ਸੰਵਿਧਾਨ ਵਲੋਂ ਜਿਹੜੀ ਪ੍ਰੈਸ ਦੀ ਅਜ਼ਾਦੀ ਦੀ ਗੱਲ ਕੀਤੀ ਗਈ ਹੈ, ਉਹ ਕਿੰਨੀ ਕੁ ਸਹੀ ਹੈ?
ਜਵਾਬ: ਸੰਵਿਧਾਨ ਵਿੱਚ ਪ੍ਰੈਸ ਦੀ ਅਜਾਦੀ ਦੀ ਗੱਲ ਕੀਤੀ ਗਈ ਹੈ ਉਹ ਟੇਢੇ-ਮੇਢੇ ਤਰੀਕੇ ਨਾਲ ਕੀਤੀ ਗਈ ਹੈ, ਸਿੱਧੇ ਤਰੀਕੇ ਨਾਲ ਨਹੀਂ ਕੀਤੀ ਗਈ। ਵਿਚਾਰਾਂ ਦੇ ਪ੍ਰਗਟਾਵੇ ਦੀ ਅਜ਼ਾਦੀ ਦੇ ਅਧਿਕਾਰ ਵਿਚੋਂ ਆਪਾਂ ਪ੍ਰੈਸ ਦੀ ਅਜ਼ਾਦੀ ਕੱਢਦੇ ਹਾਂ। ਇਹ ਅਧਿਕਾਰ ਮੌਲਿਕ ਅਧਿਕਾਰਾਂ ਦੇ ਵਿੱਚ ਦਰਜ ਹੈ। ਭਾਰਤੀ ਸੰਵਿਧਾਨ ਵਿੱਚ ਸਿੱਧੇ ਰੂਪ ਵਿੱਚ ਪ੍ਰੈਸ ਦੀ ਅਜ਼ਾਦੀ ਦੀ ਗੱਲ ਨਹੀਂ ਕੀਤੀ ਗਈ। ਸੰਵਿਧਾਨ ਤਾਂ ਪੂਰੇ ਤਰੀਕੇ ਨਾਲ ਕਦੇ ਲਾਗੂ ਨਹੀਂ ਹੋਇਆ। ਇਸ ਦੇ ਬਾਰੇ ਕਹਿੰਦੇ ਹੁੰਦੇ ਆ, ਇਹ ਮੋਮ ਦਾ ਨੱਕ ਹੁੰਦਾ ਏ.....ਜਿਸ ਵਿੱਚ ਤਾਕਤ ਹੁੰਦੀ ਏ, ਉਹ ਉਸੇ ਪਾਸੇ ਮੋੜ ਲੈਂਦਾ ਹੈ। ਘੱਟ ਗਿਣਤੀਆਂ ਨੂੰ ਅਮਲੀ ਰੂਪ ਵਿੱਚ ਸੰਵਿਧਾਨ ਵਲੋਂ ਇਨਸਾਫ ਮਿਲਦਾ ਨਹੀਂ। ਜਿਹੜੀ ਪ੍ਰੈਸ ਦੀ ਅਜ਼ਾਦੀ ਅਤੇ ਲੋਕਤੰਤਰ ਦੇ ਚੌਥੇ ਥੰਮ ਦੀ ਗੱਲ ਹੈ ਉਹ ਸਿਰਫ ਕਿਤਾਬਾਂ ’ਚ ਹੀ ਹੁੰਦੀ ਹੈ.....ਅਮਲੀ ਰੂਪ ’ਚ ਨਹੀਂ।

ਸਵਾਲ: ਪੰਜਾਬੀ ਪ੍ਰੈਸ ਦੇ ਵਰਤਮਾਨ ਤੇ ਭਵਿੱਖ ਬਾਰੇ ਤੁਸੀਂ ਕੀ ਸੋਚਦੇ ਹੋ?
ਜਵਾਬ: ਪੰਜਾਬੀ ਪ੍ਰੈਸ ਦੀ ਤਕਰੀਬਨ 7-8 ਲੱਖ ਸਰਕੂਲੇਸ਼ਨ ਹੋਵੇਗੀ ਰਲਾ ਮਿਲਾ ਕੇ ਸਾਰੀ। ਇਸ ਦਾ ਭਵਿੱਖ ਅਜੇ ਇਸ ਕਰਕੇ ਚੰਗਾਂ ਨਹੀਂ ਕਿ ਇਹ ਕਿੱਤੇ ਦੇ ਪੱਧਰ ਤੇ ਪੂਰੀ ਤਰ•ਾਂ ਖਰੀ ਨਹੀਂ ਉਤਰਦੀ। ਪੰਜਾਬੀ ਅਖਬਾਰਾਂ ਦੇ ਮਾਲਕ ਹੋਰ ਨਜ਼ਰੀਏ ਨਾਲ ਚਲਦੇ ਹਨ, ਪੰਜਾਬੀ ਦੇ ਨਜ਼ਰੀਏ ਤੋਂ ਨਹੀਂ ਚਲਦੇ। ਚਲੋ ਪੰਜਾਬੀ ਦੇ ਨਜ਼ਰੀਏ ਨਾਲ ਹੀ ਚਲ ਪੈਣ ਠੀਕ ਹੈ। ਉਸ ਨੂੰ ਚਾਹੀਦਾ ਹੈ ਕਿ ਉਹ ਪੰਜਾਬੀ ਦਾ ਮੀਡੀਆ ਹਾਊਸ ਬਣਾਵੇ, ਅਖਬਾਰ ਦੇ ਨਾਲ ਮੈਗਜ਼ੀਨ ਵੀ ਚਲਾਵੇ। ਮੈਨੂੰ ਲਗਦਾ ਹੈ ਕਿ ਪੰਜਾਬੀ ਵਿੱਚ ਪ੍ਰੋਫੈਸ਼ਨਲ ਕਿਸਮ ਦੇ ਪੇਪਰ ਚਲਾਏ ਜਾਂਦੇ ਤਾਂ ਇਹ ਵਧਦੇ। ਨਾ ਵੱਧਣ ਕਰਕੇ ਹੀ ਹਿੰਦੀ ਦੇ ਪੇਪਰ ਇਥੇ ਆ ਗਏ। ਜਿਵੇਂ ਅਮਰ ਉਜਾਲਾ ਨੂੰ ਛੱਡ ਕੇ ਦੈਨਿਕ ਜਾਗਰਣ ਤੇ ਦੈਨਿਕ ਭਾਸਕਰ ਤਾਂ ਇਥੇ ਜੱਚ ਹੀ ਗਏ। ਦੂਜਾ, ਸਾਡੀ ਜਿਹੜੀ ਨਵੀਂ ਪੀੜੀ ਸੈਂਟਰਲ ਸਕੂਲਾਂ ਵਾਲੀ, ਉਹ ਗੁਰਮੁਖੀ ਲਿਪੀ ਤੋਂ ਜਾਣੂੰ ਨਹੀਂ। ਹੁਣ ਉਹ ਜਿਹੜਾ ਕਾਨੂੰਨ ਹੈ ਕਿ ਦਸਵੀਂ ਤੱਕ ਪੰਜਾਬੀ ਪੜਾਉਣੀ ਲਾਜ਼ਮੀ ਹੋਵੇਗੀ। ਉਸਦੇ ਨਾਲ ਪੰਜਾਬੀ ਪ੍ਰੈਸ ਦਾ ਭਵਿੱਖ ਕੁਝ ਠੀਕ ਰਹੇਗਾ। ਨਹੀਂ ਤਾਂ ਪੰਜਾਬੀ ਸਪੇਸ ਘੱਟਦੀ ਜਾ ਰਹੀ ਹੈ ਤੇ ਵੱਧ ਨਹੀਂ ਰਿਹਾ। ਉਧਰ ਅੰਗਰੇਜ਼ੀ ਤੇ ਹਿੰਦੀ ਦਾ ਮਹੱਤਵ ਵੱਧ ਰਿਹਾ ਹੈ। ਇਸ ਦੇ ਮਦੇਨਜ਼ਰ ਪੰਜਾਬੀ ਪ੍ਰੈਸ ਦਾ ਭਵਿਖ ਕੋਈ ਬਹੁਤਾ ਵਧੀਆ ਨਹੀਂ। ਇਹ ਜਿਹੜੇ ਅਜੋਕੇ ਨਵੇਂ ਸਕੂਲ ਖੁੱਲ ਰਹੇ ਨੇ, ਇਹਨਾਂ ਨੇ ਪੰਜਾਬੀ ਨੂੰ ਢਾਹ ਤਾਂ ਲਾਉਣੀ ਹੀ ਹੈ, ਨਾਲ ਹੀ ਪੰਜਾਬੀ ਪ੍ਰੈਸ ਨੂੰ ਵੀ ਲਾਉਣੀ ਹੈ।