Pages

Sunday, March 7, 2010

ਸੰਸਾਰ ਭਰ ਵਿਚ ਗੰਭੀਰ ਹੋ ਰਿਹਾ ਹੈ ਪਾਣੀ ਦਾ ਸੰਕਟ


ਪਾਣੀ ਦੀ ਕਮੀ ਕਾਰਨ ਧਸ ਰਹੇ ਹਨ ਸ਼ਹਿਰ
ਪਾਣੀ ਦਿਹਾੜੇ ’ਤੇ ਵਿਸ਼ੇਸ਼

ਹਵਾ ਤੋਂ ਬਾਅਦ ਪਾਣੀ ਕੁਦਰਤ ਦੀ ਅਜਿਹੀ ਬੇਸ਼ ਕੀਮਤੀ ਸ਼ੈਅ ਹੈ ਜੋ ਜੀਵਨ ਦੀ ਹੋਂਦ ਲਈ ਸਭ ਤੋਂ ਜ਼ਰੂਰੀ ਹੈ। ਜਹਾਨ ਉਤੇ ਜੀਵਨ ਦੇ ਪੰਜ ਮੁਢਲੇ ਤੱਤਾਂ ਵਿਚੋਂ ਪਾਣੀ ਇਕ ਹੈ। ਪਾਣੀ ਤੋਂ ਬਿਨਾਂ ਧਰਤੀ ਉਤੇ ਜੀਵਨ ਦੀ ਹੋਂਦ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਪਾਣੀ ਮਨੁੱਖ ਦੀ ਆਰਥਿਕ ਤਰੱਕੀ, ਸੱਭਿਆਚਾਰਕ ਉਨਤੀ, ਤੰਦਰੁਸਤ ਸਿਹਤ ਅਤੇ ਅਧਿਆਤਮਿਕ ਵਿਕਾਸ ਦਾ ਆਧਾਰ ਹੈ। ਇਸੇ ਕਾਰਨ ਗੁਰਬਾਣੀ ਵਿਚ ਪਾਣੀ ਬਾਰੇ ਹੇਠ ਲਿਖੇ ਪ੍ਰਮਾਣ ਮਿਲਦੇ ਹਨ :
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥
ਜਲ ਬਿਨੁ ਸਾਖ ਕੁਮਲਾਵਤੀ ਉਪਜਹਿ ਨਾਹੀ ਦਾਮ॥
ਪਹਿਲਾ ਪਾਣੀ ਜਿਉ ਹੈ ਜਿਤੁ ਹਰਿਆ ਸਭ ਕੋਇ॥

ਗੁਰਬਾਣੀ ਵਿਚ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਗਿਆ ਹੈ। ਜਿਵੇਂ ਪਿਤਾ ਤੋਂ ਬਿਨਾਂ ਸੰਤਾਨ ਸੰਭਵ ਨਹੀਂ, ਉਸੇ ਤਰ•ਾਂ ਪਾਣੀ ਤੋਂ ਬਿਨਾਂ ਜੀਵਨ ਦੀ ਉਤਪਤੀ ਤੇ ਵਿਕਾਸ ਸੰਭਵ ਨਹੀਂ ਹੋ ਸਕਦਾ।
ਪਰ ਮਨੁੱਖ ਨੇ ਆਪਣੀ ਅਗਿਆਨਤਾ ਅਤੇ ਬੇਈਮਾਨੀਵੱਸ ਕੁਦਰਤ ਨਾਲ ਬਹੁਤ ਛੇੜਛਾੜ ਕੀਤੀ ਹੈ ਜਿਸ ਨਾਲ ਮਨੁੱਖੀ ਸੱਭਿਅਤਾ ਗੰਭੀਰ ਸਮੱਸਿਆਵਾਂ ਵਿਚ ਫਸ ਗਈ ਹੈ ਅਤੇ ਸ਼ੁੱਧ ਪਾਣੀ ਦੀ ਥੁੜ ਨੇੜਲੇ ਭਵਿੱਖ ਵਿਚ ਮਨੁੱਖਤਾ ਲਈ ਸਭ ਤੋਂ ਅਹਿਮ ਸਮੱਸਿਆ ਦਾ ਰੂਪ ਧਾਰ ਕੇ ਸਾਹਮਣੇ ਆ ਗਈ ਹੈ। ਮਾਹਿਰਾਂ ਵੱਲੋਂ ਲਗਾਤਾਰ ਚਿਤਾਵਨੀਆਂ ਦਿੱਤੀਆਂ ਜਾ ਰਹੀਆਂ ਹਨ ਕਿ ਜੇਕਰ ਮਨੁੱਖੀ ਸੱਭਿਅਤਾ ਨੇ ਪਾਣੀ ਦੀ ਦੁਰਵਰਤੋਂ ਇਸੇ ਤਰ•ਾਂ ਜਾਰੀ ਰੱਖੀ ਤਾਂ ਧਰਤੀ ਦੇ ਵੱਡੇ ਹਿੱਸੇ ਉਤੇ ਮਾਰੂਥਲ ਪਸਰ ਜਾਵੇਗਾ ਅਤੇ ਸਮੁੱਚੇ ਜੀਵਨ ਦੀ ਹੋਂਦ ਖ਼ਤਰੇ ਵਿਚ ਪੈ ਜਾਵੇਗੀ।

ਪਾਣੀ ਦਾ ਖ਼ਤਮ ਹੋਣਾ
ਸਲਵਾਕੀਆ ਦੇ ਵਿਗਿਆਨੀ ਕਾਰਵਿਕ ਅਨੁਸਾਰ ਜਿਨ•ਾਂ ਥਾਵਾਂ ਉਤੇ ਪਾਣੀ ਖ਼ਤਮ ਹੋ ਰਿਹਾ ਹੈ, ਉਨ•ਾਂ ਥਾਵਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਧਰਤੀ ਉਤੇ ਪਾਣੀ ਘਟਣ ਨਾਲ ਸੋਕੇ ਅਤੇ ਧਰਤੀ ਦੇ ਤਾਪਮਾਨ ਵਿਚ ਵੀ ਭਾਰੀ ਵਾਧਾ ਹੋ ਰਿਹਾ ਹੈ, ਜਿਸ ਨਾਲ ਵਾਤਾਵਰਨ ਵਿਚ ਵੱਡੀ ਤਬਦੀਲੀ, ਧਰਤੀ ਦੇ ਧਰੁਵਾਂ ਉਤੇ ਸਦੀਆਂ ਤੋਂ ਜੰਮੀ ਬਰਫ਼ ਦਾ ਪਿਘਲਣਾ, ਵਾਯੂਮੰਡਲ ਦੁਆਰਾ ਸੂਰਜ ਤੋਂ ਆਉਣ ਵਾਲੀਆਂ ਹਾਨੀਕਾਰਕ ਕਿਰਨਾਂ ਨੂੰ ਰੋਕਣ ਦੀ ਸਮਰੱਥਾ ਵਿਚ ਗਿਰਾਵਟ, ਸਮੁੰਦਰ ਦੇ ਪਾਣੀ ਦੇ ਪੱਧਰ ਦਾ ਵਧਣਾ, ਬਹੁਤ ਸਾਰੀ ਧਰਤੀ ਦਾ ਸਮੁੰਦਰੀ ਪਾਣੀ ਹੇਠਾਂ ਆਉਣਾ, ਮਾਰੂਥਲਾਂ ਵਿਚ ਭਾਰੀ ਵਾਧਾ ਭਾਵ ਧਰਤੀ ਦਾ ਅੰਤ।
ਕਿਸੇ ਵੀ ਖਿੱਤੇ ਦੀ ਆਰਥਿਕ ਤਰੱਕੀ ਦੇ ਸਾਧਨ ਖੇਤੀ ਅਤੇ ਉਦਯੋਗ ਹਨ, ਜਿਨ•ਾਂ ਦੀ ਉਨਤੀ ਪਾਣੀ ਤੋਂ ਬਿਨਾਂ ਸੰਭਵ ਨਹੀਂ ਹੈ। ਕਿਸੇ ਵੀ ਸੱਭਿਆਚਾਰ ਨੂੰ ਆਪਣੀ ਭਰਪੂਰ ਤਰੱਕੀ ਲਈ ਸਭ ਤੋਂ ਲੋੜੀਂਦੀ ਸ਼ੈਅ ਪਾਣੀ ਹੈ। ਇਸ ਲਈ ਦੁਨੀਆ ਦੇ ਸਾਰੇ ਵੱਡੇ ਸ਼ਹਿਰ ਪਾਣੀ ਦੇ ਕਿਸੇ ਨਾ ਕਿਸੇ ਸ੍ਰੋਤਾਂ ਦੇ ਕੰਢੇ ਉਤੇ ਵਸੇ ਹੁੰਦੇ ਹਨ ਕਿਉਂਕਿ ਪਾਣੀ ਤੋਂ ਬਿਨਾਂ ਅਨਾਜ ਪੈਦਾ ਨਹੀਂ ਹੋ ਸਕਦਾ ਅਤੇ ਅਨਾਜ ਬਿਨਾਂ ਕੋਈ ਸੱਭਿਅਤਾ ਵਸ ਨਹੀਂ ਸਕਦੀ। ਸੰਸਾਰ ਪੱਧਰ ’ਤੇ ਪਾਣੀ ਦੀ ਸਮੱਸਿਆ ਗੰਭੀਰ ਤੇ ਵਿਕਰਾਲ ਰੂਪ ਧਾਰਨ ਕਰ ਚੁੱਕੀ ਹੈ। ਉਂਜ ਤਾਂ ਕੈਨੇਡਾ ਤੋਂ ਬਿਨਾਂ ਦੁਨੀਆ ਦੇ ਸਾਰੇ ਦੇਸ਼ਾਂ ਵਿਚ ਪਾਣੀ ਦੀ ਕਮੀ ਮਹਿਸੂਸ ਕੀਤੀ ਜਾਣ ਲੱਗੀ ਹੈ। ਪਰ 31 ਦੇਸ਼ਾਂ ਵਿਚ ਪਾਣੀ ਦੀ ਸਮੱਸਿਆ ਬਹੁਤ ਗੰਭੀਰ ਰੂਪ ਧਾਰਨ ਕਰ ਚੁੱਕੀ ਹੈ। ਪਿੱਛੇ ਜਿਹੇ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਪਾਣੀ ਦੀ ਸਮੱਸਿਆ ਬਾਰੇ ‘ਜਲ ਬਿਨੁ ਸਾਖ ਕੁਮਲਾਵਤੀ’ ਨਾਂਅ ਦਾ ਕਿਤਾਬਚਾ ਜਾਰੀ ਕੀਤਾ ਸੀ ਜਿਸ ਵਿਚ ਦੁਨੀਆ ਦੀਆਂ ਹੇਠ ਲਿਖੀਆਂ ਖਾਸ ਥਾਵਾਂ ਦਾ ਜ਼ਿਕਰ ਕੀਤਾ ਗਿਆ ਹੈ ਜਿਥੇ ਪਾਣੀ ਬਿਲਕੁਲ ਖ਼ਤਮ ਹੋ ਚੁੱਕਾ ਹੈ ਜਾਂ ਖ਼ਤਮ ਹੋਣ ਦੇ ਕਿਨਾਰੇ ਹੈ :
ਝ ਅਮਰੀਕਾ ਦੇ ਟਕਸਨ ਇਲਾਕੇ ਵਿਚ ਪਾਣੀ ਦੀ ਦੁਰਵਰਤੋਂ ਕਾਰਨ ਪਾਣੀ ਦਾ ਜਮੀਨਦੋਜ਼ ਪੱਧਰ 1500 ਫੁੱਟ ਤੱਕ ਹੇਠਾਂ ਚਲੀ ਗਈ ਹੈ, ਜਿਸ ਕਾਰਨ ਹੁਣ ਇਹ ਸ਼ਹਿਰ ਆਪਣੇ ਲੋਕਾਂ ਨੂੰ ਖੇਤੀ ਅਤੇ ਪੀਣ ਲਈ ਪਾਣੀ ਕੋਲਰਾਡੋ ਨਦੀ ਤੋਂ ਖਰੀਦ ਕੇ ਦੇ ਰਿਹਾ ਹੈ।
ਝ ਮੈਕਸੀਕੋ ਸ਼ਹਿਰ ਦੇ ਦੁਆਲੇ ਪਿਛਲੀ ਸਦੀ ਵਿਚ ਏਨਾ ਪਾਣੀ ਸੀ ਕਿ ਇਹ ਟਾਪੂ ਦੀ ਤਰ•ਾਂ ਲਗਦਾ ਸੀ। ਪਾਣੀ ਦੀ ਦੁਰਵਰਤੋਂ ਕਾਰਨ ਅੱਜ ਸਥਿਤੀ ਇਹ ਹੈ ਕਿ ਸ਼ਹਿਰ ਦੇ ਆਲੇ-ਦੁਆਲੇ ਪਾਣੀ ਤਾਂ ਖ਼ਤਮ ਹੋ ਹੀ ਗਿਆ ਹੈ ਸਗੋਂ ਧਰਤੀ ਹੇਠਲਾ ਪਾਣੀ ਆਉਣ ਵਾਲੇ ਦਸ ਸਾਲਾਂ ਵਿਚ ਮੁੱਕਣ ਕਿਨਾਰੇ ਹੈ। ਇਸ ਸ਼ਹਿਰ ਦੇ ਜਮੀਨਦੋਜ਼ ਪਾਣੀ ਦੇ ਪਹਿਲੇ ਪੱਤਣ ਦੇ ਖ਼ਤਮ ਹੋ ਜਾਣ ਕਾਰਨ ਅੱਜ ਇਹ ਸ਼ਹਿਰ ਇਕ ਸਾਲ ਵਿਚ ਲਗਭਗ 20 ਇੰਚ ਧਰਤੀ ਵਿਚ ਧਸ ਜਾਂਦਾ ਹੈ। ਭਾਵ ਇਹ ਸ਼ਹਿਰ ਗਰਕ ਹੋ ਰਿਹਾ ਹੈ। ਹੁਣ ਤੱਕ ਇਹ ਸ਼ਹਿਰ 30 ਫੁੱਟ ਜ਼ਮੀਨ ਵਿਚ ਧਸ ਚੁੱਕਿਆ ਹੈ।
ਝ ਇਸਰਾਈਲ ਦੀ ਹੁਲ•ੇ ਘਾਟੀ ਵਿਚ ਧਰਤੀ ਹੇਠਲਾ ਪਾਣੀ ਖ਼ਤਮ ਹੋ ਚੁੱਕਿਆ ਹੈ। ਜਮੀਨਦੋਜ਼ ਪਾਣੀ ਦਾ ਹੇਠਲਾ ਪੱਧਰ ਖ਼ਤਮ ਹੋ ਜਾਣ ਕਾਰਨ ਉਸ ਪੱਤਣ ਵਿਚ ਵੱਡੇ-ਵੱਡੇ ਟੋਏ ਬਣ ਜਾਂਦੇ ਹਨ, ਜਿਸ ਕਾਰਨ ਇਸ ਘਾਟੀ ਵਿਚ 2 ਮੀਟਰ ਤੋਂ ਲੈ ਕੇ ਪੂਰੇ-ਪੂਰੇ ਘਰ ਇਨ•ਾਂ ਟੋਇਆਂ ਵਿਚ ਧਸ ਰਹੇ ਹਨ ਭਾਵ ਧਰਤੀ ਵਿਚ ਗਰਕ ਰਹੇ ਹਨ।
ਝ ਜੌਰਡਨ ਵਿਚ ਇਕ ਅਜਰਾਕ ਨਾਂਅ ਦਾ ਨਖਲਿਸਤਾਨ ਹੋਇਆ ਕਰਦਾ ਸੀ। 1980 ਵਿਚ ਜੌਰਡਨ ਨੇ ਇਸ ਨਖਲਿਸਤਾਨ ਤੋਂ ਪਾਣੀ ਕੱਢਣਾ ਸ਼ੁਰੂ ਕੀਤਾ। ਅੱਜ ਇਸ ਨਖਲਿਸਤਾਨ ਵਿਚ ਪਾਣੀ ਦੀ ਇਕ ਬੂੰਦ ਵੀ ਨਹੀਂ ਹੈ। ਇਹ ਗੰਦਗੀ ਦੇ ਢੇਰ ਵਿਚ ਬਦਲ ਚੁੱਕਾ ਹੈ।
ਝ ਲਿਬੀਆ ਨੇ ਆਪਣਾ ਸਾਰਾ ਜਮੀਨਦੋਜ਼ ਪਾਣੀ ਖ਼ਤਮ ਕਰ ਲਿਆ ਹੈ ਤੇ ਅੱਜ ਲਿਬੀਆ 1850 ਕਿ. ਮੀ. ਦੂਰ ਕੁਫਰਾ ਬੇਸਨ ਤੋਂ ਪੀਣ ਲਈ ਪਾਈਪਾਂ ਰਾਹੀਂ ਪਾਣੀ ਮੰਗਾਅ ਰਿਹਾ ਹੈ।
ਝ ਅਫ਼ਗਾਨਿਸਤਾਨ, ਈਰਾਨ ਅਤੇ ਪੰਜ ਹੋਰ ਰੂਸੀ ਦੇਸ਼ਾਂ ਦੇ ਦਰਮਿਆਨ ਦੁਨੀਆ ਦੀ ਚੌਥੀ ਵੱਡੀ ਝੀਲ ਫੈਲੀ ਹੋਈ ਸੀ ਜਿਸ ਦਾ ਨਾਂਅ ਇਰਾਲ ਸੀ। ਇਸ ਦਾ ਅੱਜ 80 ਫ਼ੀਸਦੀ ਖੇਤਰ ਸੁੱਕ ਚੁੱਕਾ ਹੈ।

ਪੰਜਾਬ ਦਾ ਪਾਣੀ ਸੰਕਟ
ਸੰਸਾਰ ਪੱਧਰ ’ਤੇ ਪਾਣੀ ਦੀ ਪੈਦਾ ਹੋਈ ਗੰਭੀਰ ਸਮੱਸਿਆ ਦੇ ਸੰਦਰਭ ’ਚ ਇਥੇ ਪੰਜਾਬ ਦੇ ਪਾਣੀ ਸੰਕਟ ਬਾਰੇ ਜ਼ਿਕਰ ਕਰਨਾ ਬਹੁਤ ਹੀ ਜ਼ਰੂਰੀ ਬਣਦਾ ਹੈ ਕਿਉਂਕਿ ਦੁਨੀਆ ਵਿਚ ਸਭ ਤੋਂ ਤੇਜ਼ੀ ਨਾਲ ਜਿਨ•ਾਂ ਥਾਵਾਂ ਦਾ ਪਾਣੀ ਖ਼ਤਮ ਹੋ ਰਿਹਾ ਹੈ, ਉਨ•ਾਂ ਥਾਵਾਂ ਵਿਚ ਪੰਜਾਬ ਵੀ ਇਕ ਹੈ ਜਦ ਕਿ ਪੰਜਾਬ ਵਿਚ ਪਾਣੀ ਵਰਗੀ ਵਡਮੁੱਲੀ ਦਾਤ ਦੇ ਵਿਸ਼ਾਲ ਭੰਡਾਰ ਰਹੇ ਹਨ ਜਿਸ ਕਾਰਨ ਇਸ ਦਾ ਨਾਂਅ ਵੀ ਪਾਣੀਆਂ ’ਤੇ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਗੁਰੂਆਂ-ਪੀਰਾਂ ਦੀ ਇਸ ਪਾਵਨ ਧਰਤੀ ਦੇ ਅਸੀਂ ਵਸਨੀਕ ਹਾਂ ਜਿਸ ਕਾਰਨ ਇਥੋਂ ਦੇ ਪਾਣੀ-ਸੰਕਟ ਨੂੰ ਗੰਭੀਰਤਾ ਨਾਲ ਲੈਣਾ ਸਾਡਾ ਫਰਜ਼ ਬਣਦਾ ਹੈ।
ਪੰਜਾਂ ਦਰਿਆਵਾਂ ਦੀ ਧਰਤੀ ਹੋਣ ਕਰਕੇ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਪੰਜਾਬ ਦੇ ਵਾਸੀ ਸ਼ੁੱਧ ਪਾਣੀ ਨੂੰ ਤਰਸ ਜਾਣਗੇ। ਜਿਥੇ ਇਕ ਪਾਸੇ ਪੰਜਾਬ ਵਿਚ ਪਾਣੀ ਦਾ ਪੱਤਣ ਖ਼ਤਰਨਾਕ ਰੂਪ ’ਚ ਹੇਠਾਂ ਡਿਗ ਚੁੱਕਾ ਹੈ, ਦੂਜੇ ਪਾਸੇ ਮਾਲਵੇ ਦੇ ਕੁਝ ਖੇਤਰਾਂ ਵਿਚ ਸੇਮ ਦੀ ਸਮੱਸਿਆ ਨੇ ਲੋਕਾਂ ਦੇ ਸਾਹ ਸੂਤੇ ਹੋਏ ਹਨ। ਸ਼ੁੱਧ ਪਾਣੀ ਦੀ ਅਣਹੋਂਦ ਕਾਰਨ ਪੰਜਾਬ ’ਚ ਜੀਵਨ ਦੀ ਹੋਂਦ ਨੂੰ ਗੰਭੀਰ ਖ਼ਤਰਾ ਪੈਦਾ ਹੋ ਗਿਆ ਹੈ। ਪਿਛਲੇ ਕੁਝ ਸਮੇਂ ਵਿਚ ਦਰਿਆਵਾਂ ਵਿਚ ਸਹੀ ਮਾਤਰਾ ਵਿਚ ਪਾਣੀ ਨਹੀਂ ਵਗ ਰਿਹਾ। ਸਾਰੇ ਮਾਹਿਰ ਇਸ ਦਾ ਪ੍ਰਮੁੱਖ ਕਾਰਨ ਪਣ-ਬਿਜਲੀ ਪੈਦਾਵਾਰ ਲਈ ਬਣਾਏ ਬੰਨ• ਅਤੇ ਦੂਸਰੇ ਸੂਬਿਆਂ ਨੂੰ ਪਾਣੀ ਦੇਣ ਲਈ ਕੱਢੀਆਂ ਗਈਆਂ ਨਹਿਰਾਂ ਨੂੰ ਮੰਨਦੇ ਹਨ। ਪਾਣੀ ਘੱਟ ਹੋਣ ਕਰਕੇ ਹੀ ਪੰਜਾਬ ਵਿਚ ਸਿੰਚਾਈ ਲਈ ਜ਼ਮੀਨ ਹੇਠਲਾ ਪਾਣੀ ਅੰਨ•ੇਵਾਹ ਵਰਤਿਆ ਜਾ ਰਿਹਾ ਹੈ। ਇਸ ਗੱਲ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ 1970 ਵਿਚ ਪੰਜਾਬ ਵਿਚ ਲਗਭਗ 1.70 ਲੱਖ ਟਿਊਬਵੈ¤ਲ ਸਨ ਜਿਨ•ਾਂ ਦੀ ਗਿਣਤੀ ਹੁਣ 16 ਲੱਖ ਨੂੰ ਪਹੁੰਚ ਚੁੱਕੀ ਹੈ। ਸਿੰਚਾਈ ਦੇ ਅਪਣਾਏ ਇਸ ਮਾਡਲ ਸਦਕਾ ਹੀ ਦਰੱਖਤ ਜਾਂ ਤਾਂ ਕੱਟੇ ਜਾ ਰਹੇ ਹਨ ਜਾਂ ਸੁੱਕ ਰਹੇ ਹਨ। ਪਿਛਲੇ ਕੁਝ ਸਮੇਂ ਤੋਂ ਪੰਜਾਬ ਵਿਚ ਮੀਂਹ ਦੀ ਘਾਟ ਦਾ ਇਕ ਕਾਰਨ ਇਨ•ਾਂ ਦਰੱਖਤਾਂ ਦੀ ਕਮੀ ਵੀ ਹੈ।
ਇਕ ਪਾਸੇ ਤਾਂ ਧਰਤੀ ਹੇਠਲੇ ਪਾਣੀ ਦੇ ਉ¤ਕਾ ਹੀ ਖ਼ਤਮ ਹੋ ਜਾਣ ਦੀ ਗੱਲ ਹੈ ਤੇ ਦੂਜੇ ਪਾਸੇ ਪਾਣੀ ਹੋਣ ਦੇ ਬਾਵਜੂਦ ਉਸ ਦੇ ਪ੍ਰਦੂਸ਼ਿਤ ਹੋਣ ਕਰਕੇ ਵਰਤੋਂ ਯੋਗ ਨਾ ਹੋਣ ਦਾ ਮਸਲਾ ਹੈ। ਧਰਤੀ ਦਾ ਬਹੁਤਾ ਹਿੱਸਾ (ਲਗਭਗ 71 ਫ਼ੀਸਦੀ) ਪਾਣੀ ਨਾਲ ਢਕਿਆ ਹੋਇਆ ਹੈ। ਪਰ ਇਸ ਵਿਚੋਂ ਕੇਵਲ 2 ਫ਼ੀਸਦੀ ਹੀ ਪਾਣੀ ਪੀਣਯੋਗ ਹੈ। ਬਾਕੀ ਸਾਰਾ ਪਾਣੀ ਮਨੁੱਖੀ ਵਰਤੋਂ ਦੇ ਯੋਗ ਨਹੀਂ ਹੈ। ਪੰਜਾਬ ਨੂੰ ਕੁਦਰਤ ਨੇ ਵਡਮੁੱਲੀ ਦਾਤ ਬਖਸ਼ੀ ਹੈ ਪਰ ਛੇਤੀ ਹੀ ਸਰਕਾਰਾਂ ਦੀਆਂ ਗ਼ਲਤ ਨੀਤੀਆਂ ਅਤੇ ਅਣਗਹਿਲੀ ਕਰਕੇ ਇਸ ਦਾਤ ਤੋਂ ਵਾਂਝੇ ਹੋ ਸਕਦੇ ਹਾਂ।

ਲੁਧਿਆਣੇ ਦਾ ਗੰਦਾ ਨਾਲਾ
ਲੁਧਿਆਣੇ ਵਰਗੇ ਸ਼ਹਿਰ ਵਿਚ ਰੋਜ਼ਾਨਾ ਕਈ ਲੱਖ ਲਿਟਰ ਜ਼ਹਿਰੀਲਾ ਪਾਣੀ ਸਿੱਧਾ ਹੀ ਦਰਿਆਵਾਂ ਵਿਚ ਰੋੜ• ਦਿੱਤਾ ਜਾਂਦਾ ਹੈ। ਸਿੱਟੇ ਵਜੋਂ ਲੁਧਿਆਣੇ ਵਿਖੇ ਗੰਦੇ ਨਾਲੇ ਦੇ ਆਸ-ਪਾਸ ਧਰਤੀ ਹੇਠਲਾ ਪਾਣੀ ਬਿਲਕੁਲ ਹੀ ਪੀਣਯੋਗ ਨਹੀਂ ਰਿਹਾ। ਇਸ ਤੋਂ ਇਲਾਵਾ ਲਗਭਗ 30 ਕੀਟਨਾਸ਼ਕ ਦਵਾਈਆਂ ਜੋ ਕਿ ਭਾਰਤ ਵਿਚ ਪਾਬੰਦੀ ਦੇ ਬਾਵਜੂਦ ਵੀ ਪੰਜਾਬ ਵਿਚ ਆਮ ਵਰਤੋਂ ਵਿਚ ਹਨ। ਇਨ•ਾਂ ਦਵਾਈਆਂ ਦੀ ਵਰਤੋਂ ਨਾਲ ਧਰਤੀ ਹੇਠਲਾ ਪਾਣੀ ਜ਼ਹਿਰੀਲਾ ਹੋ ਰਿਹਾ ਹੈ।
ਮੁਕਤਸਰ, ਮਾਨਸਾ ਅਤੇ ਬਠਿੰਡਾ ਜ਼ਿਲ•ੇ ਵਿਚ ਵਧ ਰਹੇ ਕੈਂਸਰ ਦਾ ਪ੍ਰਮੁੱਖ ਕਾਰਨ ਵੀ ਦੂਸ਼ਿਤ ਪਾਣੀ ਹੀ ਹੈ। ਇਨ•ਾਂ ਜ਼ਿਲਿ•ਆਂ ਵਿਚ ਪਾਣੀ ਵਿਚ ਆਰਸੈਨਿਕ ਵਰਗੇ ਜ਼ਹਿਰੀਲੇ ਪਦਾਰਥ ਪਾਏ ਗਏ ਹਨ। ਇਨ•ਾਂ ਖੇਤਰਾਂ ਵਿਚ ਪੀਣ ਵਾਲੇ ਪਾਣੀ ਲਈ ਪਿੰਡਾਂ ਦੇ ਲੋਕਾਂ ਨੂੰ ਅੱਠ ਤੋਂ ਦਸ ਕਿਲੋਮੀਟਰ ਰੋਜ਼ਾਨਾ ਸਫ਼ਰ ਕਰਨਾ ਪੈਂਦਾ ਹੈ। ਜੇ ਅੱਜਕਲ• ਪੰਜਾਬ ਦੇ ਹਸਪਤਾਲਾਂ ਵਿਚ ਵੇਖੀਏ ਤਾਂ ਪੀਣ ਵਾਲੇ ਗੰਦੇ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਕਾਲਾ ਪੀਲੀਆ, ਹੈਜ਼ਾ, ਹੈਪੇਟਾਈਟਸ, ਤਪਦਿਕ, ਹਾਈ ਬਲੱਡ ਪ੍ਰੈਸ਼ਰ ਅਤੇ ਪੇਟ ਦੀਆਂ ਬਿਮਾਰੀਆਂ ਤੋਂ ਪੀੜਤ ਮਰੀਜ਼ ਵੱਡੀ ਗਿਣਤੀ ਵਿਚ ਮਿਲ ਜਾਣਗੇ। ਪੀ. ਜੀ. ਆਈ. ਚੰਡੀਗੜ• ਦੀ ਇਕ ਰਿਪੋਰਟ ਵਿਚ ਇਥੋਂ ਤੱਕ ਕਿਹਾ ਗਿਆ ਹੈ ਕਿ ਦੂਸ਼ਿਤ ਪਾਣੀ ਦੀ ਵਰਤੋਂ ਕਾਰਨ ਪੰਜਾਬ ਦੇ ਲੋਕਾਂ ਦੇ ਡੀ. ਐਨ. ਏ. ਵਿਚ ਤਬਦੀਲੀ ਆ ਰਹੀ ਹੈ ਭਾਵ ਪੰਜਾਬ ਵਿਚ ਮਨੁੱਖ ਦੇ ਨਸਲੀ ਗੁਣ ਹੀ ਬਦਲ ਰਹੇ ਹਨ। ਜੇ ਪੰਜਾਬ ਦੇ ਜ਼ਮੀਨੀ ਪਾਣੀ ਦੀ ਗੱਲ ਕਰੀਏ ਤਾਂ ਤਾਜ਼ਾ ਸਰਵੇਖਣਾਂ ਮੁਤਾਬਿਕ ਪੰਜਾਬ ਦੇ 138 ਬਲਾਕਾਂ ਵਿਚੋਂ 112 ਬਲਾਕਾਂ ਵਿਚ ਪਾਣੀ ਖ਼ਤਰੇ ਦੀ ਹਾਲਤ ਤੱਕ ਜਾ ਚੁੱਕਾ ਹੈ। ਬਾਕੀ ਬਚਦੇ ਬਲਾਕਾਂ ਵਿਚੋਂ ਵੀ ਬਹੁਤੇ ਉਹ ਹਨ ਜਿਨ•ਾਂ ਦਾ ਪਾਣੀ ਖਾਰਾ ਹੋਣ ਕਾਰਨ ਵਰਤਣਯੋਗ ਨਹੀਂ ਹੈ। ਧਰਤੀ ਹੇਠਲਾ ਪਾਣੀ ਕੱਢਣ ਨਾਲ ਪਾਣੀ ਵਾਲੀ ਜਗ•ਾ ਖਾਲੀ ਹੋ ਜਾਂਦੀ ਹੈ ਤੇ ਅਜਿਹੀਆਂ ਥਾਵਾਂ ਉ¤ਪਰ ਕਈ ਵਾਰ ਧਰਤੀ ਹੇਠਾਂ ਨੂੰ ਗਰਕ ਜਾਂਦੀ ਹੈ। ਇਸੇ ਤਰ•ਾਂ ਮੈਕਸੀਕੋ ਅਤੇ ਇਸਰਾਈਲ ਦੇ ਕੁਝ ਇਲਾਕਿਆਂ ਵਿਚ ਹੋਇਆ ਹੈ। ਇਸੇ ਤਰ•ਾਂ ਦੀ ਘਟਨਾ 2004 ਵਿਚ ਪੰਜਾਬ ਦੇ ਮੋਗਾ ਜ਼ਿਲ•ੇ ਵਿਚ ਵੀ ਵਾਪਰ ਚੁੱਕੀ ਹੈ। ਉਥੇ ਇਕ ਔਰਤ ਬੰਬੀ ਉ¤ਪਰ ਕਪੜੇ ਧੋ ਰਹੀ ਸੀ। ਉਸ ਥਾਂ ਤੋਂ ਧਰਤੀ ਗਰਕ ਗਈ ਅਤੇ ਉਸ ਔਰਤ ਦੀ ਲਾਸ਼ 35 ਫੁੱਟ ਦੀ ਡੂੰਘਾਈ ਤੋਂ ਮਿਲੀ। ਹੁਣ 2008 ’ਚ ਪੰਜਾਬ ਦੇ ਗੁਆਂਢ ਵਿਚ ਜੀਂਦ ਇਲਾਕੇ ਵਿਖੇ ਵਾਹੀ ਕਰ ਰਿਹਾ ਇਕ ਟਰੈਕਟਰ 20 ਫੁੱਟ ਜ਼ਮੀਨ ਵਿਚ ਧਸ ਗਿਆ।

ਮੁੱਖ ਕਾਰਨ
ਪੰਜਾਬ ਵਿਚਲੇ ਪਾਣੀ ਦੇ ਗੰਭੀਰ ਸੰਕਟ ਦੇ ਭਾਵੇਂ ਕਈ ਤਰ•ਾਂ ਦੇ ਕਾਰਨ ਹਨ ਪਰ ਇਸ ਸੰਕਟ ਲਈ ਪੰਜਾਬ ਦੇ ਦਰਿਆਈ ਪਾਣੀਆਂ ਦਾ ਦੂਜੇ ਰਾਜਾਂ ਨੂੰ ਦਿੱਤਾ ਜਾਣਾ ਪ੍ਰਮੁੱਖ ਕਾਰਨ ਮੰਨਿਆ ਜਾਂਦਾ ਹੈ ਕਿਉਂਕਿ ਧਰਤੀ ਹੇਠਲੇ ਵਰਤੇ ਗਏ ਪਾਣੀ ਦੀ ਦੁਬਾਰਾ ਭਰਪਾਈ ਦਰਿਆਵਾਂ ਤੇ ਮੀਂਹ ਦੇ ਪਾਣੀ ਨਾਲ ਹੁੰਦੀ ਹੈ। ਪੰਜਾਬ ਦੇ ਦਰਿਆਵਾਂ ਦਾ ਅੱਧਾ ਪਾਣੀ ਹਰਿਆਣੇ ਅਤੇ ਰਾਜਸਥਾਨ ਨੂੰ ਦਿੱਤੇ ਜਾਣ ਕਾਰਨ ਪੰਜਾਬ ਦੇ ਦਰਿਆ ਸੁੱਕਣ ਕਿਨਾਰੇ ਹਨ ਅਤੇ ਇਸੇ ਮੁੱਦੇ ਨੇ ਪੰਜਾਬ ਦੀ ਸਿਆਸਤ ਨੂੰ ਹੁਣ ਤੱਕ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਹੈ। ਦਰਿਆਈ ਪਾਣੀਆਂ ਦੇ ਵਿਵਾਦ ’ਤੇ ਮੋਰਚੇ ਵੀ ਲੱਗ ਚੁੱਕੇ ਹਨ।
ਪਾਠਕਾਂ ਦੀ ਜਾਣਕਾਰੀ ਹਿਤ ਦੱਸਿਆ ਜਾਂਦਾ ਹੈ ਕਿ ਦੁਨੀਆ ਵਿਚ ਨੀਲ ਨਦੀ ਅਤੇ ਡਨੂਬ ਦਰਿਆ ਦੇ ਪਾਣੀਆਂ ਸਬੰਧੀ ਕਈ ਦੇਸ਼ਾਂ ਵਿਚ ਝਗੜੇ ਪੈਦਾ ਹੋ ਚੁੱਕੇ ਹਨ ਜਿਨ•ਾਂ ਦਾ ਹੱਲ ਰਾਇਪੇਰੀਅਨ ਨਿਯਮ ਮੁਤਾਬਿਕ ਕੀਤਾ ਗਿਆ ਹੈ ਅਤੇ ਇਸੇ ਤਰ•ਾਂ ਭਾਰਤ ਵਿਚ ਵੀ ਨਰਮਦਾ, ਕ੍ਰਿਸ਼ਨਾ ਤੇ ਕਾਵੇਰੀ ਨਦੀ ਜਲ-ਵਿਵਾਦ ਦਾ ਹੱਲ ਵੀ ਰਾਇਪੇਰੀਅਨ ਨਿਯਮ ਮੁਤਾਬਿਕ ਕੀਤਾ ਗਿਆ। ਪਰ ਪੰਜਾਬ ਵਿਚ ਦਰਿਆਈ ਪਾਣੀਆਂ ਦੇ ਸਬੰਧ ਵਿਚ ਹੋਏ ਖੂਨ-ਖਰਾਬੇ ਦੇ ਬਾਵਜੂਦ ਸੰਵਿਧਾਨਕ ਨਿਯਮਾਂ ਅਤੇ ਰਾਇਪੇਰੀਅਨ ਨਿਯਮਾਂ ਤੋਂ ਦੂਰ ਜਾ ਕੇ ਕੇਂਦਰ ਸਰਕਾਰ ਨੇ ਇਸ ਜਲ ਵਿਵਾਦ ਦੇ ਹੱਲ ਲਈ ਕਦੇ ਵੀ ਨਿਰਪੱਖਤਾ, ਇਮਾਨਦਾਰੀ, ਗੰਭੀਰਤਾ ਅਤੇ ਸੰਜੀਦਗੀ ਨਾਲ ਨਹੀਂ ਸੋਚਿਆ। ਭਾਰਤੀ ਨਿਆਂ ਪ੍ਰਣਾਲੀ ਦੇ ਫ਼ੈਸਲਿਆਂ ਦੀ ਗੱਲ ਕਰੀਏ ਤਾਂ ਇਹ ਫ਼ੈਸਲੇ ਪੰਜਾਬ ਦੇ ਪੱਖ ’ਚ ਨਹੀਂ ਜਾਂਦੇ। ਭਾਰਤੀ ਲੋਕਤੰਤਰ ਦੇ ਚੌਥੇ ਥੰਮ• ਮੀਡੀਆ ਦੇ ਕੁਝ ਕੁ ਹਿੱਸਿਆਂ ਨੂੰ ਛੱਡ ਕੇ ਬਹੁਤੇ ਹਿੱਸਿਆਂ ਨੇ ਵੀ ਪੰਜਾਬ ਦੇ ਪਾਣੀਆਂ ਦੇ ਮਸਲੇ ਨੂੰ ਸਹੀ ਨੁਕਤਾ-ਨਿਗਾਹ ਨਾਲ ਪੇਸ਼ ਨਹੀਂ ਕੀਤਾ। ਪੰਜਾਬ ਦੇ ਲੋਕਾਂ ਵੱਲੋਂ ਪਾਣੀਆਂ ਦੀ ਲੁੱਟ ਦੇ ਵਿਰੋਧ ਵਿਚ ਕੀਤੇ ਅੰਦੋਲਨਾਂ ਨੂੰ ਭਾਰਤ ਦੇ ਕੌਮੀ-ਮੀਡੀਏ ਨੇ ‘ਦੇਸ਼ ਦੀ ਏਕਤਾ ਤੇ ਅਖੰਡਤਾ’ ਲਈ ਵੱਡੇ ਖ਼ਤਰੇ ਵਜੋਂ ਪ੍ਰਚਾਰਿਆ ਹੈ। ਸੰਸਾਰ ਪੱਧਰੀ ਜਲ ਸੰਕਟ ਦੇ ਮੱਦੇਨਜ਼ਰ ਪੰਜਾਬ ਦੇ ਪਾਣੀਆਂ ਦਾ ਸੰਕਟ ਬਹੁਤ ਹੀ ਗੰਭੀਰ ਹੈ। ਇਸ ਸੰਸਾਰ ਪੱਧਰੀ ਜਲ ਸੰਕਟ ਦੇ ਮੱਦੇਨਜ਼ਰ ਦੁਨੀਆ ਦੇ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਅਤੇ ਸੰਯੁਕਤ ਰਾਸ਼ਟਰ ਵਰਗੀਆਂ ਸੰਸਥਾਵਾਂ ਨੂੰ ਗੰਭੀਰ ਯਤਨਾਂ ਦੀ ਲੋੜ ਹੈ। ਦੱਖਣੀ ਏਸ਼ੀਆ ਦਾ ਅਹਿਮ ਖਿੱਤਾ ਹੋਣ ਕਰਕੇ ਭਾਰਤ ਸਰਕਾਰ ਨੂੰ ਪੰਜਾਬ ਦੇ ਜਲ ਸੰਕਟ ਸਬੰਧੀ ਇਮਾਨਦਾਰਾਨਾ, ਸੰਜੀਦਾ ਤੇ ਨਿਰਪੱਖ ਪਹੁੰਚ ਅਪਣਾਉਣੀ ਚਾਹੀਦੀ ਹੈ। ਅੱਜ ਦੁਨੀਆ ਭਰ ਦੇ ਚਿੰਤਕਾਂ ਵੱਲੋਂ ਧਰਤੀ ਦੇ ਪਾਣੀ ਸੰਕਟ ਦੇ ਮੱਦੇਨਜ਼ਰ ਭਵਿੱਖ-ਬਾਣੀਆਂ ਕੀਤੀਆਂ ਜਾ ਰਹੀਆਂ ਹਨ ਕਿ ਦੁਨੀਆ ਵਿਚ ਅਗਲੀ ਆਲਮੀ ਜੰਗ ਇਸੇ ‘ਨੀਲੇ ਸੋਨੇ’ ਬਦਲੇ ਲੜੀ ਜਾਵੇਗੀ। ਸੋ, ਸਾਨੂੰ ਇਸ ਸਮੁੱਚੇ ਜਲ ਸੰਕਟ ਨੂੰ ਚੁਣੌਤੀ ਵਜੋਂ ਲੈਣਾ ਚਾਹੀਦਾ ਹੈ।
(ਰੋਜਾਨਾ ਅਜੀਤ, 22 ਮਾਰਚ, 2009)

No comments:

Post a Comment